Monday 2 August 2021

ਰੋਡਵੇਜ਼ ਦੇ ਕੱਚੇ ਮੁਲਾਜ਼ਮਾਂ ਨੇ ਕੀਤਾ ਹੋਰ ਪੱਕੇ ਸੰਘਰਸ਼ਾਂ ਦਾ ਐਲਾਨ

 2rd August 2021 at 2:59 PM

ਅਣਮਿੱਥੇ ਸਮੇਂ ਦੀ ਹੜਤਾਲ//ਪੰਜਾਬ ਭਰ ਵਿਚ ਗੁਪਤ ਐਕਸ਼ਨ ਦੀ ਚੇਤਾਵਨੀ


ਲੁਧਿਆਣਾ
: 2 ਅਗਸਤ 2021: (ਕਾਰਤਿਕਾ ਸਿੰਘ//ਮੁਲਾਜ਼ਮ ਸਕਰੀਨ):: 

ਸਰਕਾਰੀ ਰੋਡਵੇਜ਼ ਨੂੰ ਨਿਜੀ ਸੈਕਟਰ ਵਿਚ ਬਦਲਣ ਦੀਆਂ ਗੁਝੀਆਂ ਸਾਜ਼ਿਸ਼ਾਂ ਵਿਰੁੱਧ ਰੋਡਵੇਜ਼ ਮੁਲਾਜ਼ਮਾਂ ਵਿੱਚ ਗੁੱਸਾ ਵੀ ਹੈ ਅਤੇ ਰੋਸ ਵੀ। ਇਸਦੇ ਸਿੱਟੇ ਵੱਜੋਂ ਉਹਨਾਂ ਨੇ ਦੋ ਅਗਸਤ ਨੂੰ ਵੀ ਰੋਸ ਦਾ ਪ੍ਰਗਟਾਵਾ ਕੀਤਾ। ਪੰਜਾਬ ਰੋਡਵੇਜ਼/ਪਨਬੱਸ ਕੰਟਰੈਕਟ ਵਰਕਰਜ਼ ਯੂਨੀਅਨ ਪੰਜਾਬ ਅਤੇ ਪੀ ਆਰ ਟੀ ਸੀ ਦੇ ਕੱਚੇ ਮੁਲਾਜ਼ਮਾਂ ਦੀ ਕਮੇਟੀ ਵੱਲੋਂ ਦਿੱਤੇ ਪ੍ਰੋਗਰਾਮ ਅਨੁਸਾਰ ਲੁਧਿਆਣਾ ਡਿਪੂ ਗੇਟ ਤੇ ਗੇਟ ਰੈਲੀ ਕੀਤੀ ਗਈ। ਇਸ ਗੇਟ ਰੈਲੀ ਨੂੰ ਸੰਬੋਧਨ ਕਰਦੇ ਹੋਏ ਸੂਬਾ ਮੀਤ ਪ੍ਰਧਾਨ ਸਤਨਾਮ ਸਿੰਘ ਡਿਪੂ ਪ੍ਰਧਾਨ ਸ਼ਮਸ਼ੇਰ ਸਿੰਘ ਢਿੱਲੋਂ ਅਤੇ ਆਰ ਟੀ ਸੀ ਦੇ ਡਿਪੂ ਪ੍ਰਧਾਨ ਗੁਰਬਾਜ ਸਿੰਘ ਨੇ ਬੋਲਦਿਆਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ  ਸਾਢੇ 4 ਸਾਲ ਬੀਤ ਜਾਣ ਦੇ ਬਾਵਜੂਦ ਕੱਚੇ ਮੁਲਾਜ਼ਮਾਂ ਦਾ ਕੋਈ ਹੱਲ ਨਹੀਂ ਕੀਤਾ ਗਿਆ। ਸਰਕਾਰ ਆਪਣੀ ਝੂਠੀ ਲੜਾਈ ਵਿਖਾਕੇ ਪੰਜਾਬ ਦੀ ਜਨਤਾ ਨਾਲ ਧੋਖਾ ਕਰਕੇ 2022 ਵਿੱਚ ਸਰਕਾਰ ਬਣਾਉਣ ਦੀ ਝਾਕ ਵਿੱਚ ਹੈ ਪਰ ਪੰਜਾਬ ਦੇ ਲੋਕ ਇਹਨਾਂ ਸਿਆਸੀ ਪੈਂਤੜਿਆਂ ਨੂੰ ਚੰਗੀ ਤਰ੍ਹਾਂ ਜਾਣਦੇ ਹਨ। 

ਪਹਿਲਾਂ ਸਰਕਾਰ ਟਰਾਂਸਪੋਰਟ ਮਾਫੀਆ ਖਤਮ ਕਰੇ, ਘਰ ਘਰ ਰੋਜ਼ਗਾਰ ਦੇਵੇ ,ਰੇਤ ਮਾਫੀਆ, ਕੇਬਲ ਮਾਫੀਆ, ਨਸ਼ਾ ਮਾਫੀਆ ਖਤਮ ਕਰੇ, ਪਹਿਲੀ ਕੈਬਨਿਟ ਮੀਟਿੰਗ ਵਿੱਚ ਪੱਕੇ ਕਰਨ ਵਾਲੇ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰੇ ਨਹੀਂ ਤਾਂ ਹਰੇਕ ਸਥਾਨ ਤੇ ਮੰਤਰੀਆਂ ਦਾ ਵਿਰੋਧ ਕੀਤਾ ਜਾਵੇਗਾ। 

ਉਹਨਾਂ ਕਿਹਾ ਕਿ ਕਮਾਈ ਵਾਲੇ ਮਹਿਕਮੇ ਪਨਬੱਸ ਅਤੇ ਪੀ ਆਰ ਟੀ ਸੀ ਦੇ ਕੱਚੇ ਮੁਲਾਜ਼ਮਾਂ ਵਲੋਂ ਜਦੋਂ ਵੀ ਹੜਤਾਲ ਕੀਤੀ ਜਾਂਦੀ ਹੈ ਤਾਂ ਮੀਟਿੰਗ ਵਿੱਚ ਮੰਤਰੀ ਵਲੋਂ ਵੱਡੀਆਂ ਵੱਡੀਆਂ ਗੱਲਾਂ ਕੀਤੀਆਂ ਜਾਂਦੀਆਂ ਹਨ। ਪਿਛਲੇ ਦਿਨੀਂ ਕੀਤੀ ਗਈ ਹੜਤਾਲ ਵਿੱਚ ਪਟਿਆਲਾ ਪ੍ਰਸ਼ਾਸਨ ਵਲੋਂ ਦਿੱਤੀ ਮੀਟਿੰਗ ਪੰਜਾਬ ਭਵਨ ਵਿਖੇ ਟਰਾਂਸਪੋਰਟ ਮੰਤਰੀ ਪੰਜਾਬ ਨਾਲ ਹੋਈ ਜਿਸ ਵਿੱਚ ਮੰਤਰੀ ਵਲੋਂ ਯੂਨੀਅਨ ਨੂੰ 10 ਦਿਨ ਵਿੱਚ ਪ੍ਰਪੋਜ਼ਲ ਬਣਾ ਕੇ ਦੇਣ ਲਈ ਕਿਹਾ ਗਿਆ ਸੀ। ਫੇਰ ਇਹ ਵੱਡਾ ਕਹਿ ਕਿ ਲਟਕਾਇਆ ਕਿ ਅਸੀਂ 7 ਦਿਨ ਵਿੱਚ ਕੈਬਨਿਟ ਮੀਟਿੰਗ ਕਰਕੇ ਹੱਲ ਕਰਾਂਗੇ।  ਯੂਨੀਅਨ ਨੇ ਇਹ ਵੀ ਮੰਨ ਲਿਆ ਅਤੇ 14 ਦਿਨ ਦੇ ਦਿੱਤੇ ਸੀ।  

ਹੁਣ ਪ੍ਰਪੋਜ਼ਲ ਬਣਾ ਕੇ ਮਿਤੀ 12 ਜੁਲਾਈ 2021 ਨੂੰ ਸੈਕਟਰੀ ਸਟੇਟ ਟਰਾਂਸਪੋਰਟ ਪੰਜਾਬ ਨੂੰ  ਸੈਕਟਰੀਏਟ ਵਿਖੇ ਰਸੀਵ ਕਰਵਾ ਦਿੱਤੀ ਗਈ ਸੀ ਅਤੇ ਫੈਸਲੇ ਅਨੁਸਾਰ 14 ਦਿਨ 26 ਜੁਲਾਈ ਨੂੰ ਪੂਰੇ ਹੋ ਚੁੱਕੇ ਹਨ ਪਰ ਬਦਕਿਸਮਤੀ ਇਹ ਹੈ ਕਿ ਕੈਪਟਨ ਸਾਹਿਬ ਵਾਂਗ ਉਹਨਾਂ ਦੇ ਮੰਤਰੀ ਵੀ ਮੁਲਾਜ਼ਮਾਂ ਨਾਲ ਕੀਤੇ ਕਿਸੇ ਵੀ ਵਾਅਦੇ ਨੂੰ ਪੂਰਾ ਕਰਨ ਵੱਲ ਕੋਈ ਧਿਆਨ ਨਹੀਂ ਦੇ ਰਹੇ।  

ਇਸ ਮੌਕੇ ਮੀਤ ਪ੍ਰਧਾਨ ਸੁਖਦੇਵ ਸਿੰਘ ਅਤੇ  ਸੈਕਟਰੀ ਪ੍ਰਵੀਨ  ਕੁਮਾਰ ਨੇ ਚੇਤਾਵਨੀ ਦਿੱਤੀ ਕਿ ਜੇਕਰ ਸਰਕਾਰ ਨੇ ਅਜੇ ਵੀ ਸਾਡੇ ਮਸਲਿਆਂ ਦਾ ਹੱਲ ਨਾ ਕੱਢਿਆ ਤਾਂ ਪਨਬੱਸ ਅਤੇ ਪੀ ਆਰ ਟੀ ਸੀ ਦੇ ਸਮੁੱਚੇ ਕਾਮੇ ਮਿਤੀ 9-10-11 ਅਗਸਤ ਨੂੰ ਤਿੰਨ ਰੋਜ਼ਾ ਹੜਤਾਲ ਕਰਕੇ ਕੈਪਟਨ ਅਮਰਿੰਦਰ ਸਿੰਘ ਜਾਂ ਨਵਜੋਤ ਸਿੰਘ ਸਿੱਧੂ ਦੇ ਘਰ ਅੱਗੇ ਰੋਸ ਪ੍ਰਦਰਸ਼ਨ ਕਰਨਗੇ। ਇਸ ਤਰ੍ਹਾਂ ਸੁੱਤੀ ਸਰਕਾਰ ਨੂੰ ਜਗਾਉਣ ਦੀ ਕੋਸ਼ਿਸ਼ ਲਈ ਰੋਸ ਵਖਾਵਾਂ ਕਰਨਗੇ। ਜੇਕਰ ਫਿਰ ਵੀ ਮੰਗਾਂ ਦਾ ਹੱਲ ਨਾ ਕੀਤਾ ਗਿਆ ਤਾਂ ਇਸ ਹੜਤਾਲ ਨੂੰ ਅਣਮਿੱਥੇ ਸਮੇ ਦੀ ਹੜਤਾਲ ਚ ਬਦਲ ਕੇ ਮੁਕੰਮਲ ਚੱਕਾ ਜਾਮ ਪਨਬੱਸ ਅਤੇ ਪੀ ਆਰ ਟੀ ਸੀ ਦਾ ਕੀਤਾ ਜਾਵੇਗਾ ਤੇ ਗੁਪਤ ਐਕਸ਼ਨ ਸਾਰੇ ਪੰਜਾਬ ਚ ਕਰਨ ਲਈ ਜਥੇਬੰਦੀ ਮਜਬੂਰ ਹੋਵੇਗੀ ਜਿਸਦੀ ਜ਼ਿੰਮੇਵਾਰੀ ਕਾਗਰਸ ਸਰਕਾਰ ਦੀ ਹੋਵੇਗੀ।

ਇਸ ਮੌਕੇ ਸ੍ਰਰਪ੍ਰਸਤ ਸਿਕੰਦਰ ਸਿੰਘ, ਚੇਅਰਮੈਨ ਗੁਰਵਿੰਦਰ ਸਿੰਘ, ਤਜਿੰਦਰ ਸਿੰਘ,ਅਮਨਦੀਪ ਸਿੰਘ, ਵਰਕਸ਼ਾਪ ਤੋਂ ਅਮਰਜੀਤ ਸਿੰਘ ਅਤੇ ਪੀ ਆਰ ਟੀ ਸੀ ਤੋਂ  ਕੈਸ਼ੀਅਰ ਦਲਜੀਤ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਖਿਲਾਫ ਤਿੱਖੇ ਸੰਘਰਸ਼ ਕੀਤੇ ਜਾਣਗੇ। ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਪੰਜਾਬ ਵੱਲੋਂ 3-4 ਅਗਸਤ ਦੀ ਦੋ ਰੋਜ਼ਾ ਹੜਤਾਲ ਵਿੱਚ ਪਨਬੱਸ ਅਤੇ ਪੀ ਆਰ ਟੀ ਸੀ ਦੇ ਮੁਲਾਜ਼ਮ ਸ਼ਾਮਿਲ ਹੋ ਕੇ ਦੋਵੇਂ ਦਿਨ  ਬੱਸ ਸਟੈਂਡ ਬੰਦ ਕਰਕੇ 3-4 ਅਗਸਤ ਨੂੰ ਪੰਜਾਬ ਸਰਕਾਰ ਦਾ ਪੁਤਲਾ ਫ਼ੂਕਣਗੇ।  ਬੱਸਾਂ ਵਿੱਚ ਭੰਡੀ ਪ੍ਰਚਾਰ ਸ਼ੁਰੂ ਕੀਤਾ ਜਾਵੇਗਾ। ਸਰਕਾਰ ਦੇ ਮੰਤਰੀਆਂ ਦਾ ਘਿਰਾਓ ਵੀ ਹਰ ਥਾਂ ਤੇ ਕੀਤਾ ਜਾਵੇਗਾ। ਪੰਜਾਬ ਸਰਕਾਰ ਪਾਸੋਂ ਜਨਤਕ ਮੰਗ 10 ਹਜ਼ਾਰ ਸਰਕਾਰੀ ਬੱਸਾਂ ਕਰਨ ਅਤੇ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ ਲਈ ਯੂਨੀਅਨ ਹਰ ਤਰ੍ਹਾਂ ਦਾ ਤਿੱਖਾ ਸੰਘਰਸ਼ ਕਰਨ ਲਈ ਤਿਆਰ ਹੈ ਕਿਉਂਕਿ ਪੰਜਾਬ ਸਰਕਾਰ ਵਲੋਂ ਟਰਾਂਸਪੋਰਟ ਮੁਆਫੀਆਂ ਖਤਮ ਕਰਨ ਦੀ ਥਾਂ ਸਰਕਾਰੀ ਟਰਾਂਸਪੋਰਟ ਖਤਮ ਕਰਕੇ ਪ੍ਰਾਈਵੇਟ ਨੂੰ ਬੜਾਵਾ ਦਿੱਤਾ ਜਾ ਰਿਹਾ ਹੈ। ਇਸ ਲਈ ਸਰਕਾਰ ਖ਼ਿਲਾਫ਼ ਆਮ ਲੋਕਾਂ ਨੂੰ ਸਰਕਾਰੀ ਮਹਿਕਮੇ ਬਚਾਉਣ ਦੀ ਲੜਾਈ ਵਿੱਚ ਟਰਾਸਪੋਰਟ ਮੁਲਾਜ਼ਮਾਂ ਦਾ ਸਾਥ ਦੇਣ ਦੀ ਅਪੀਲ ਕਰਦੇ ਹਾਂ। 

ਪੰਜਾਬ ਮੰਡੀ ਬੋਰਡ ਨੇ ਯੂਨੀਅਨ ਦੇ ਨੁਮਾਇੰਦਿਆਂ ਨਾਲ ਕੀਤੀ ਮੀਟਿੰਗ

Thursday 14th March 2024 at 5:20 PM ਬੈਠਕ ਦੌ ਰਾਨ ਮੁਲਾਜਮਾਂ ਦੀਆਂ ਮੰਗਾਂ ਤੇ ਹੋਈ ਵਿਸਥਾਰ ਨਾਲ ਚਰਚਾ ਮੋਹਾਲੀ // ਚੰਡੀਗੜ੍ਹ : 14  ਮਾਰਚ , 2024 :  ( ਕਾਰਤਿਕਾ...