Sunday 6 October 2019

ਸੰਘਰਸ਼ਾਂ ਦੇ ਯੋਧੇ ਟਰੇਡ ਯੂਨੀਅਨ ਲੀਡਰ ਕਾਮਰੇਡ ਐਨ ਕੇ ਗੌੜ

 ਅੱਜ 6 ਅਕਤੂਬਰ ਨੂੰ ਜਨਮ ਦਿਨ 'ਤੇ ਵਿਸ਼ੇਸ਼                               ਲੇਖਕ-ਐਮ ਐਸ ਭਾਟੀਆ
ਕਾਮਰੇਡ ਐਨ.ਕੇ. ਗੌੜ ਜਿਨ੍ਹਾਂ ਦਾ ਪੂਰਾ ਨਾਂ ਨਰਿੰਦਰ ਕੁਮਾਰ ਗੌੜ ਹੈ ਦਾ ਜਨਮ 6 ਅਕਤੂਬਰ 1948 ਨੂੰ ਸਹਾਰਨਪੁਰ (ਉੱਤਰਪ੍ਰਦੇਸ਼) ਵਿੱਚ ਹੋਇਆ। ਉਹਨਾਂ ਨੇ 21 ਸਾਲ ਦੀ ਉਮਰ ਵਿੱਚ 18 ਜੂਨ 1969 ਨੂੰ ਉਨ੍ਹਾਂ ਨੇ ਸਟੇਟ ਬੈਂਕ ਆਫ਼ ਪਟਿਆਲਾ ਦੀ ਸ਼ਿਮਲਾ ਸ਼ਾਖਾ ਵਿੱਚ ਬੈਂਕ ਦੀ ਨੌਕਰੀ ਸ਼ੁਰੂ ਕੀਤੀ। ਅਗਲੇ ਹੀ ਮਹੀਨੇ 19 ਜੁਲਾਈ 1969 ਨੂੰ ਦੇਸ਼ ਦੇ 14 ਵੱਡੇ ਬੈਂਕ ਦਾ ਰਾਸ਼ਟਰੀਕਰਨ ਹੋਇਆ। ਸਾਲ ਬਾਅਦ 20 ਜੁਲਾਈ 1970 ਨੂੰ ਉਨ੍ਹਾਂ ਦਾ ਤਬਾਦਲਾ ਚੰਡੀਗੜ੍ਹ ਵਿਖੇ ਹੋ ਗਿਆ ਅਤੇ ਤਿੰਨ ਮਹੀਨੇ ਬਾਅਦ ਹੀ ਉਨ੍ਹਾਂ ਨੂੰ ਹੈੱਡ ਆਫਿਸ ਪਟਿਆਲਾ ਵਿਖੇ ਭੇਜ ਦਿੱਤਾ ਗਿਆ, ਜੋ ਬਾਅਦ ਵਿੱਚ ਉਨ੍ਹਾਂ ਦੀ ਟਰੇਡ ਯੂਨੀਅਨ ਦੀ ਜ਼ਿੰਦਗੀ ਦੀ ਕਰਮਭੂੰਮੀ ਰਿਹਾ। ਉਹ ਮਈ 1971 ਨੂੰ ਯਮੁਨਾਨਗਰ ਵਿਖੇ ਹੋਈ ਯੂਨੀਅਨ ਦੀ ਕਾਨਫਰੰਸ ਵਿੱਚ ਕੇਂਦਰੀ ਕਮੇਟੀ ਮੈਂਬਰ ਚੁਣੇ ਗਏ ਅਤੇ ਕੁੱਝ ਦਿਨਾਂ ਵਿੱਚ ਹੀ ਉਨ੍ਹਾਂ ਨੂੰ ਰੀਜਨਲ ਸਕੱਤਰ ਬਣਾ ਦਿੱਤਾ ਗਿਆ। 
ਸੰਨ 1973 ਦੀ ਪਟਿਆਲਾ ਵਿਖੇ ਹੋਈ ਪੰਜਾਬ ਬੈਂਕ ਇੰਪਲਾਈਜ਼ ਫੈਡਰੇਸ਼ਨ ਦੀ ਕਾਨਫਰੰਸ ਵਿੱਚ ਉਹ ਜੋਨਲ ਸਕੱਤਰ ਬਣੇ। 1975 ਵਿੱਚ ਸਟੇਟ ਬੈਂਕ ਆਫ ਪਟਿਆਲਾ ਇੰਪਲਾਈਜ਼ ਯੂਨੀਅਨ ਦੀ ਚੰਡੀਗੜ੍ਹ ਕਾਨਫਰੰਸ ਵਿੱਚ ਸਹਾਇਕ ਜਨਰਲ ਸਕੱਤਰ ਅਤੇ 9 ਅਪ੍ਰੈਲ 1978 ਨੂੰ ਲੁਧਿਆਣਾ ਕਾਨਫਰੰਸ ਵਿੱਚ ਉਹ ਪ੍ਰਧਾਨ ਚੁਣੇ ਗਏ। 15 ਅਗਸਤ 1983 ਨੂੰ ਚੰਡੀਗੜ੍ਹ ਵਿਖੇ ਉਹ ਯੂਨੀਅਨ ਦੇ ਡਿਪਟੀ ਜਨਰਲ ਸਕੱਤਰ ਬਣੇ ਅਤੇ 2 ਅਕਤੂਬਰ 1984 ਨੂੰ ਆਲ ਇੰਡੀਆ ਸਟੇਟ ਬੈਂਕ ਆਫ ਪਟਿਆਲਾ ਇੰਪਲਾਈਜ਼ ਫੈਡਰੇਸ਼ਨ ਦੇ ਜਨਰਲ ਸਕੱਤਰ ਦਾ ਅਹੁਦਾ ਸੰਭਾਲਿਆ। ਉਸ ਵੇਲੇ ਸੰਸਥਾ ਦੇ ਪ੍ਰਧਾਨ ਕਾਮਰੇਡ ਅਮਰ ਨਾਥ ਸ਼ਰਮਾ ਸਨ ਜੋ 1996 ਤੱਕ ਇਸ ਅਹੁੱਦੇ ਤੇ ਰਹੇ। ਜਿਕਰਯੋਗ ਹੈ ਕਿ ਇਹਨਾਂ ਦੋਨਾਂ ਨੇ ਮਿਲ ਕੇ, ਜੱਥੇਬੰਦੀ ਨੂੰ ਉਚਾਈਆਂ ਤੇ ਪਹੁੰਚਾਉਣ ਲਈ ਸਖਤ ਮਿਹਨਤ ਕੀਤੀ। 
1995 ਵਿੱਚ ਕਾਮਰੇਡ ਗੌੜ ਮੈਸੂਰ ਵਿਖੇ ਸਟੇਟ ਸੈਕਟਰ ਬੈਂਕ ਇੰਪਲਾਈਜ਼ ਅੇਸੋਸੀਏਸ਼ਨ ਦੇ ਚੇਅਰਮੈਨ, ਸਿਤੰਬਰ 2000 ਵਿੱਚ ਹੈਦਰਾਬਾਦ ਵਿਖੇ ਸਰਬ-ਸੰਮਤੀ ਨਾਲ ਇਸ ਦੇ ਜਨਰਲ ਸਕੱਤਰ ਅਤੇ ਉਸੇ ਸਾਲ ਦਸੰਬਰ ਨੂੰ ਉਹ ਬੰਬਈ ਵਿਖੇ ਏ.ਆਈ.ਬੀ.ਈ.ਏ ਦੇ ਜਾਇੰਟ ਸਕੱਤਰ ਚੁਣੇ ਗਏ। ਹੈਦਰਾਬਾਦ ਵਿਖੇ ਏ.ਆਈ.ਬੀ.ਈ.ਏ. ਦੀ 25ਵੀਂ ਕਾਨਫਰੰਸ ਜੋ 2004 ਵਿੱਚ ਹੋਈ ਦੌਰਾਨ ਉਨ੍ਹਾਂ ਨੂੰ ਸਕੱਤਰ ਦੇ ਅਹੁਦੇ ਨਾਲ ਨਿਵਾਜਿਆ ਗਿਆ। ਇਹ ਉਨ੍ਹਾਂ ਦੀ ਮਿਹਨਤ ਅਤੇ ਲਗਨ ਦਾ ਨਤੀਜਾ ਹੀ ਸੀ ਕਿ ਉਹ ਇੱਕ ਆਮ ਮੈਂਬਰ ਤੋਂ ਉੱਠ ਕੇ ਬੈਂਕ ਮੁਲਾਜ਼ਮਾਂ ਦੀ ਕੌਮੀ ਸੰਸਥਾ ਏ.ਆਈ.ਬੀ.ਈ.ਏ. ਦੇ ਸਕੱਤਰ ਦੇ ਅਹੁੱਦੇ ਤੱਕ ਪਹੁੰਚੇ। ਕਾਮਰੇਡ ਗੌੜ ਰਾਜਨੀਤਿਕ ਤੇ ਵਿਚਾਰਧਾਰਕ ਤੌਰ ਤੇ ਇੱਕ ਚੇਤੰਨ ਸਾਥੀ ਹਨ ਅਤੇ ਉਹ ਸਮਾਜ ਵਿੱਚ ਕਿਸੇ ਕਿਸਮ ਦੇ ਸੋਸ਼ਣ ਦੇ ਖਿਲਾਫ਼ ਡੱਟ ਕੇ ਖੜੇ ਅਤੇ ਲੜੇ। ਇਹ ਉਨ੍ਹਾਂ ਦਾ ਹੀ ਵਿਚਾਰ ਸੀ ਕਿ ਯੂਨੀਅਨ ਵੱਲੋਂ ਸਮਾਜ ਵਿਚਲੇ ਦੱਬੇ-ਕੁਚਲੇ, ਅਣਗੌਲੇ ਅਤੇ ਬੇਸਹਾਰਾ ਵਰਗ ਲਈ ਕੁੱਝ ਕਰਨਾ ਬਣਦਾ ਹੈ ਅਤੇ ਸਿੱਟੇ ਵਜੋਂ ਆਲ ਇੰਡੀਆ ਸਟੇਟ ਬੈਂਕ ਆਫ਼ ਪਟਿਆਲਾ ਸੋਸ਼ਲ ਆਈਡੈਂਟੀਫੀਕੇਸ਼ਨ ਫੰਡ ਦੀ ਸਥਾਪਨਾ ਕੀਤੀ ਗਈ ਜਿਸ ਵਿੱਚ ਯੂਨੀਅਨ ਦੇ ਹਰੇਕ ਮੈਂਬਰ ਵੱਲੋਂ ਹਿੱਸਾ ਪਾਇਆ ਜਾਂਦਾ ਹੈ। 
ਉਨ੍ਹਾਂ ਦੀ ਅਗਵਾਈ ਹੇਠ ਯੂਨੀਅਨ ਦੇ ਕੇਦਰੀਕਿ੍ਰਤ ਢਾਚੇ ਨੂੰ ਬਦਲ ਕੇ ਫੈਡਰਲ ਰੂਪ ਦਿੱਤਾ ਗਿਆ। ਨਾਂ ਸਿਰਫ ਆਪਣੇ ਬੈਂਕ ਦੇ ਪੱਧਰ ਉੱਤੇ ਸਗੋਂ ਸਟੇਟ ਬੈਂਕ ਦੀਆਂ ਸਾਰੀਆਂ ਹੀ ਸਬਸਿਡਰੀਆਂ ਵਿੱਚ ਮੁਲਾਜ਼ਮਾਂ ਲਈ ਨਵੇਂ ਨਵੇਂ ਲਾਭ ਅਤੇ ਭੱਤੇ ਸ਼ੁਰੂ ਕਰਵਾਏ। ਇਨ੍ਹਾਂ ਵਿੱਚ ਹੋਲੀਡੇ ਹੋਮ ਸਥਾਪਿਤ ਕਰਵਾਏ ਅਤੇ ਬੈਂਕ ਨਾਲ ਸਮੇਂ ਸਮੇਂ ਤੇ ਹੋਣ ਵਾਲੀਆਂ ਪ੍ਰਬੰਧਕਾਂ ਨਾਲ ਮੀਟਿੰਗਾਂ ਨੂੰ ਨਿਯਮਤ ਕਰਵਾਇਆ। ਉਨ੍ਹਾਂ ਦੇ ਹੋਰ ਪ੍ਰਮੁੱਖ ਕੰਮਾਂ ਵਿੱਚ ਸਾਲਾਨਾ ਭਰਤੀ, ਕੇਡਰ ਟੂ ਕੇਡਰ ਤਰੱਕੀਆਂ ਅਤੇ ਤਰਸ ਦੇ ਅਧਾਰ ਤੇ ਨੌਕਰੀਆਂ ਦਿਵਾਉਣਾ ਸਨ। ਇਸ ਅਣਥੱਕ ਸਾਥੀ ਨੂੰ ਹਮੇਸ਼ਾ ਲੋਕਾਂ ਵਿੱਚ ਜਾਣਾ ਅਤੇ ਸੰਪਰਕ ਵਿੱਚ ਰਹਿਣਾ ਪਸੰਦ ਸੀ। ਇਹੀ ਕਾਰਣ ਸੀ ਕਿ ਯੂਨੀਅਨ ਦੀਆਂ ਤਿੰਨ ਸਾਲਾਂ ਬਾਅਦ ਹੋਣ ਵਾਲੀਆਂ ਕਾਨਫਰੰਸਾਂ ਵਿੱਚ ਹਮੇਸ਼ਾ 4 ਤੋਂ 5 ਹਜ਼ਾਰ ਸਾਥੀ ਸ਼ਿਰਕਤ ਕਰਦੇ ਸਨ ਜਿਸ ਨੂੰ ਏ.ਆਈ.ਬੀ.ਈ.ਏ. ਦੀ ਕੌਮੀ ਲੀਡਰਸ਼ਿਪ ਵੱਲੋਂ ਹਮੇਸ਼ਾ ਸਲਾਹਿਆ ਜਾਂਦਾ ਸੀ।
ਏ.ਆਈ.ਬੀ.ਈ.ਏ. ਅਤੇ ਸਰਕਾਰ ਦਰਮਿਆਨ ਦੋ-ਪੱਖੀ ਸਮਝੌਤੇ ਲਈ ਗੱਲਬਾਤ ਕਰਨ ਵਾਲੀ ਟੀਮ ਦੇ ਉਹ ਹਿੱਸਾ ਰਹੇ। ਬੈਂਕਾਂ ਦੇ ਐਨ.ਪੀ.ਏ. ਨੂੰ ਜਨਤਕ ਕਰਨ ਦੀ ਮੁਹਿੰਮ ਨੂੰ ਸਿਰੇ ਚਾੜਣ ਲਈ ਉਨ੍ਹਾਂ ਦਾ ਪ੍ਰਮੁੱਖ ਯੋਗਦਾਨ ਸੀ । ਟਰੇਡ ਯੂਨੀਅਨ ਵਿੱਚ ਕੰਮ ਕਰਨ ਵਾਲੇ ਸਾਥੀਆਂ ਵਿੱਚ ਇਮਾਨਦਾਰੀ ਅਤੇ ਲਗਨ ਸੰਬੰਧੀ ਉਨ੍ਹਾਂ ਦਾ ਰਵੱਈਆ ਬਿਲਕੁੱਲ ਸਪੱਸ਼ਟ ਸੀ। ਇਸ ਮਾਮਲੇ ਵਿੱਚ ਉਨ੍ਹਾਂ ਦਾ ਰੁੱਖ ਸਾਫ਼ ਸੀ ਅਤੇ ਉਹ ਕਿਸੇ ਵੀ ਕੀਮਤ ਤੇ ਸਮਝੌਤਾ ਨਹੀਂ ਕਰਦੇ ਸਨ। ਪਟਿਆਲਾ ਵਿਖੇ ਪ੍ਰਭਾਤ-ਪ੍ਰਵਾਨਾ ਟਰੇਡ ਯੂਨੀਅਨ ਸਕੂਲ ਦਾ ਸਥਾਪਿਤ ਹੋਣਾ ਉਨ੍ਹਾਂ ਵੱਲੋਂ ਕੀਤੇ ਗਏ ਪ੍ਰਮੁੱਖ ਕੰਮਾਂ ਵਿੱਚੋਂ ਇੱਕ ਹੈ, ਜਿਸਦਾ ਉਦਘਾਟਣ ਉੱਘੇ ਏਟਕ ਆਗੂ ਅਤੇ ਦੇਸ਼ ਦੇ ਸਾਬਕਾ ਕੇਂਦਰੀ ਗ੍ਰਹਿ ਮੰਤਰੀ ਕਾਮਰੇਡ ਇੰਦਰਜੀਤ ਗੁਪਤਾ ਵੱਲੋਂ ਕੀਤਾ ਗਿਆ। ਸਾਥੀ ਗੌੜ ਦੀ ਅਗਵਾਈ ਹੇਠ ਹੀ ਸਟੇਟ ਬੈਂਕ ਫੈਡਰੇਸ਼ਨ ਸੁਨਾਮੀ ਪੀੜਿਤਾਂ, ਗੁਜਰਾਤ ਦੇ ਭੂਚਾਲ ਪੀੜਿਤਾਂ, ਉੜੀਸਾ ਦੇ ਹੜ੍ਹ ਪੀੜਿਤਾਂ, ਕਾਰਗਿਲ ਜੰਗ ਸਹਾਇਤਾ ਫੰਡ, ਬਿਹਾਰ ਹੜ੍ਹ ਪੀੜਿਤਾਂ ਅਤੇ ਹੋਰ ਕੁਦਰਤੀ ਕਰੋਪੀਆਂ ਵੇਲੇ ਵੱਡੀਆਂ ਮਾਇਕ ਸਹਾਇਤਾ ਕੀਤੀਆਂ ਗਈਆਂ। ਇਹ ਉਨ੍ਹਾਂ ਦੀ ਚੁੰਬਕੀ ਸਖਸ਼ੀਅਤ ਦਾ ਹੀ ਅਸਰ ਸੀ ਕਿ ਉਨ੍ਹਾਂ ਦੀ ਇੱਕ ਅਵਾਜ ਤੇ ਸਾਥੀ ਹੁੰਮ-ਹੁੰਮਾ ਕੇ ਆਰਥਿਕ ਯੋਗਦਾਨ ਪਾਉਣ ਲਈ ਅੱਗੇ ਆਉਂਦੇ ਸਨ। 
ਬੇਸ਼ਕ ਕਾਮਰੇਡ ਗੌੜ 1970 ਵਿੱਚ ਯੂਨੀਅਨ ਦੀਆਂ ਗਤੀਵਿਧੀਆਂ ਵਿੱਚ ਸ਼ਾਮਿਲ ਹੋਏ, ਪਰ ਇਹ ਉਨ੍ਹਾਂ ਦਾ ਸੁਭਾਗ ਹੀ ਸੀ ਕਿ ਉਹ ਜਲਦੀ ਹੀ ਬੈਂਕ ਮੁਲਾਜ਼ਮਾਂ ਦੇ ਹਰਮਨ ਪਿਆਰੇ ਅਤੇ ਚੋਟੀ ਦੇ ਆਗੂ ਕਾਮਰੇਡ ਐੱਚ.ਐੱਲ. ਪ੍ਰਵਾਨਾ ਦੇ ਸੰਪਰਕ ਵਿੱਚ ਆਏ ਅਤੇ ਉਨ੍ਹਾਂ ਦੀ ਪ੍ਰਭਾਵਸ਼ਾਲੀ ਸਖਸ਼ੀਅਤ, ਪਰਪੱਕ ਵਿਚਾਰਧਾਰਕ ਅਤੇ ਜਥੇਬੰਦਕ ਸੋਚ ਅਤੇ ਸਮਰਪਣ ਦੀ ਭਾਵਨਾ ਨੇ ਕਾਮਰੇਡ ਗੌੜ ਤੇ ਵੱਡਾ ਅਸਰ ਪਾਇਆ। ਕਾਮਰੇਡ ਪ੍ਰਭਾਤ ਦੀ ਸਖਸ਼ੀਅਤ ਦਾ ਵੀ ਉਨ੍ਹਾਂ ਤੇ ਅਸਰ ਹੋਇਆ। ਏ.ਆਈ.ਬੀ.ਈ.ਏ. ਦੇ ਨਿਰਮਾਤਾ ਕਾਮਰੇਡ ਪ੍ਰਭਾਤਕਾਰ ਅਤੇ ਪ੍ਰਵਾਨਾ ਤੋਂ ਇਲਾਵਾ ਪੰਜਾਬ ਬੈਂਕ ਇੰਪਲਾਈਜ ਫੈਡਰੇਸ਼ਨ ਵਿੱਚ ਉੱਘੇ ਪੁਰਾਣੇ ਸਾਥੀ ਕਾਮਰੇਡ ਐੱਚ.ਐੱਸ. ਗ੍ਰੇਵਾਲ, ਸੁਦੇਸ਼ ਕੁਮਾਰ, ਵੀ.ਐੱਨ. ਛਿੱਬੜ, ਐੱਸ.ਪੀ. ਬਖਸ਼ੀ, ਯੋਗਰਾਜ ਗੁਪਤਾ, ਕਿ੍ਰਸ਼ਨ ਲਾਲ ਅਤੇ ਏਟਕ ਆਗੂ ਕਾਮਰੇਡ ਮਦਨ ਲਾਲ ਦੀਦੀ ਦਾ ਕਾਮਰੇਡ ਗੌੜ ਨੂੰ ਟਰੇਡ ਯੂਨੀਅਨ ਦੇ ਆਗੂ ਦੇ ਤੌਰ ਤੇ ਘੜਣ ਵਿੱਚ ਬੜਾ ਵੱਡਾ ਯੋਗਦਾਨ ਰਿਹਾ। ਉਸ ਵੇਲੇ ਦੇ ਏ.ਆਈ.ਬੀ.ਈ.ਏ. ਜਨਰਲ ਸਕੱਤਰ ਕਾਮਰੇਡ ਤਾਰਾਕੇਸ਼ਵਰ ਚੱਕਰਵਰਤੀ, ਕਾ. ਪੀ.ਐੱਸ. ਸੁੰਦਰੇਸ਼ਨ ਅਤੇ ਕਾ. ਪੀ.ਐੱਲ. ਸਿਆਲ- ਸਾਬਕਾ ਵਾਈਸ ਪ੍ਰਧਾਨ ਨਾਲ ਵੀ ਡੂੰਘਾ ਰਿਸ਼ਤਾ ਰਿਹਾ ਅਤੇ ਉਨ੍ਹਾਂ ਦੀ ਅਗਵਾਈ ਦਾ ਲਾਭ ਹਮੇਸ਼ਾ ਪ੍ਰਾਪਤ ਹੋਇਆ। ਕਾਮਰੇਡ ਗੌੜ ਨੇ ਸਟੇਟ ਬੈਂਕ ਆਫ ਪਟਿਆਲਾ ਵਿੱਚ ਏ.ਆਈ.ਬੀ.ਓ.ਏ. ਬਣਾਉਣ ਦਾ ਸਿਹਰਾ ਵੀ ਕਾਮਰੇਡ ਗੌੜ ਨੂੰ ਹੀ ਜਾਂਦਾ ਹੈ। ਅੱਜ ਦੇ ਦਿਨ ਅਸੀਂ ਸਾਥੀ ਗੌੜ ਦੀ ਸਿਹਤਯਾਫਤਾ ਜ਼ਿੰਦਗੀ ਦੀ ਕਾਮਨਾ ਕਰਦੇ ਹਾਂ। 

ਲੇਖਕ: ਐੱਮ.ਐੱਸ. ਭਾਟੀਆ
ਮੋਬਾਈਲ ਨੰਬਰ: 99884-91002

ਪੰਜਾਬ ਮੰਡੀ ਬੋਰਡ ਨੇ ਯੂਨੀਅਨ ਦੇ ਨੁਮਾਇੰਦਿਆਂ ਨਾਲ ਕੀਤੀ ਮੀਟਿੰਗ

Thursday 14th March 2024 at 5:20 PM ਬੈਠਕ ਦੌ ਰਾਨ ਮੁਲਾਜਮਾਂ ਦੀਆਂ ਮੰਗਾਂ ਤੇ ਹੋਈ ਵਿਸਥਾਰ ਨਾਲ ਚਰਚਾ ਮੋਹਾਲੀ // ਚੰਡੀਗੜ੍ਹ : 14  ਮਾਰਚ , 2024 :  ( ਕਾਰਤਿਕਾ...