ਰੀਜਨਲ ਮੈਨੇਜਰ ਦੇ ਅੜੀਅਲ ਰਵਈਏ ਵਿਰੁੱਧ ਦਿੱਤੀ ਅੰਦੋਲਨ ਦੀ ਚੇਤਾਵਨੀ
ਲੁਧਿਆਣਾ: 17 ਜਨਵਰੀ 2019: (ਮੁਲਾਜ਼ਮ ਸਕਰੀਨ ਬਿਊਰੋ)::
ਸੈਂਟਰਲ ਬੈੰਕ ਆਫ਼ ਇੰਡੀਆ ਦੇ ਮੁਲਾਜ਼ਮਾਂ ਅਤੇ ਅਫਸਰਾਂ ਦੀਆਂ ਯੂਨੀਅਨਾਂ ਵੱਲੋਂ ਸਾਂਝੇ ਤੌਰ 'ਤੇ ਲੁਧਿਆਣਾ ਦੇ ਸੀਨੀਅਰ ਰੀਜਨਲ ਮੈਨੇਜਰ ਸ਼੍ਰੀ ਮਨੋਜ ਕੁਮਾਰ ਦੇ ਮੁਲਾਜ਼ਮ ਵਿਰੋਧੀ ਰਵਈਏ ਵਿਰੁਧ ਅੱਜ ਇੱਕ ਭਰਵਾਂ ਵਫਦ ਉਹਨਾਂ ਦੇ ਦਫਤਰ ਪਹੁੰਚ ਕੇ ਆਪਣੇ ਰੋਸ ਦਾ ਪ੍ਰਗਟਾਵਾ ਕਰਨ ਲਈ ਮਿਲਿਆ। ਇਸ ਵਫਦ ਦੀ ਅਗਵਾਈ ਸੰਜੀਵ ਭੱਲਾ-ਜਨਰਲ ਸਕੱਤਰ, ਸੁਨੀਲ ਫੁੱਲ ਪ੍ਰਧਾਨ (ਆਫੀਸਰਜ਼ ਯੂਨੀਅਨ), ਰਾਜੇਸ਼ ਵਰਮਾ-ਜਨਰਲ ਸਕੱਤਰ, ਸੁਰੇਸ਼ ਭਾਟੀਆ-ਪਰਧਾਨ (ਮੁਲਾਜ਼ਮ ਯੂਨੀਅਨ) ਅਤੇ ਗੁਰਮੀਤ ਸਿੰਘ ਡਿਪਟੀ ਜਨਰਲ ਸਕੱਤਰ-ਆਫੀਸਰਜ਼ ਯੂਨੀਅਨ ਨੇ ਕੀਤੀ।
ਇਸ ਮੁਲਾਕਾਤ ਦੌਰਾਨ ਇਹਨਾਂ ਯੂਨੀਅਨਾਂ ਦੇ ਆਗੂਆਂ ਨੇ ਮੁਲਾਜਮਾਂ ਨਾਲ ਹੋ ਰਹੀਆਂ ਵਧੀਕੀਆਂ, ਬਣਦੇ ਹੱਕਾਂ ਤੋਂ ਵਾਂਝੇ ਰੱਖਣਾ, ਬੈਂਕ ਦੀਆਂ ਨਿਸਚਿਤ ਨੀਤੀਆਂ ਮੁਤਾਬਿਕ ਨਾ ਚੱਲਣਾ, ਇਸਤਰੀ ਮੁਲਾਜ਼ਮਾਂ ਲਈ ਸਰਕਾਰ ਵੱਲੋਂ ਟਰਾਂਸਫਰ ਦੇ ਮਾਮਲੇ ਵਿੱਚ ਦਿੱਤੀਆਂ ਰਿਆਇਤਾਂ ਨਾ ਦੇਣਾ, ਬਣਦੇ ਅਫ਼ੀਸ਼ੀਏਟਿੰਗ ਤੋਂ ਮੁਨਕਰ ਹੋਣਾ, ਸਥਾਨਕ ਤਬਾਦਲਿਆਂ ਦੇ ਨਾਂਅ 'ਤੇ ਕਰਮਚਾਰੀਆਂ ਨਾਲ ਧੱਕਾ ਕਰਨਾ ਵਰਗੇ ਮਸਲਿਆਂ ਬਾਰੇ ਚਰਚਾ ਕੀਤੀ ਅਤੇ ਇਹਨਾਂ ਦੇ ਜਲਦੀ ਹਲ ਵਾਸਤੇ ਲੁੜੀਂਦੇ ਕਦਮ ਚੁੱਕਣ ਲਈ ਕਿਹਾ। ਉਹਨਾਂ ਇਸ ਗੱਲ 'ਤੇ ਅਫਸੋਸ ਜ਼ਾਹਿਰ ਕੀਤਾ ਕਿ ਰੀਜਨਲ ਮੈਨੇਜਰ ਦਾ ਰਵਈਆ ਨਾਂਹ ਪੱਖੀ ਹੈ।
ਯੂਨੀਅਨ ਦੇ ਰੀਜਨਲ ਸਕੱਤਰ ਸ਼੍ਰੀ ਐਮ ਐਸ ਭਾਟੀਆ ਨੇ ਕਿਹਾ ਕਿ ਜੇ ਰੀਜਨਲ ਮੈਨੇਜਰ ਸ਼੍ਰੀ ਮਨੋਜ ਕੁਮਾਰ ਨੇ ਆਪਣਾ ਅੜੀਅਲ ਰਵਈਆ ਨਾ ਛੱਡਿਆ ਤਾਂ ਦੋਨੋ ਯੂਨੀਅਨਾਂ ਵੱਲੋਂ 20 ਜਨਵਰੀ ਨੂੰ ਕਰਨਾਲ ਵਿਖੇ ਹੋ ਰਹੀ ਸਾਂਝੀ ਵਰਕਿੰਗ ਕਮੇਟੀ ਦੀ ਮੀਟਿੰਗ ਵਿੱਚ ਅੰਦੋਲਨ ਦੀ ਅਗਲੀ ਰੂਪਰੇਖਾ ਦਾ ਫੈਸਲਾ ਲਿਆ ਜਾਵੇਗਾ।