Sunday:Dec 22, 2019, 8:46 PM
ਠੇਕਾ ਮੁਲਾਜ਼ਮ ਯੂਨੀਅਨ ਪੰਜਾਬ ਵਲੋਂ ਸੰਘਰਸ਼ ਦਾ ਐਲਾਨ-ਬਲਿਹਾਰ ਸਿੰਘ
30 ਦਸੰਬਰ, 6 ਤੇ 8 ਜਨਵਰੀ ਨੂੰ ਪੰਜਾਬ ਪੱਧਰੀ ਸੰਘਰਸ਼-ਰਾਜੇਸ਼ ਕੁਮਾਰ ਮੋੜ
ਲੁਧਿਆਣਾ: 22 ਦਸੰਬਰ 2019:(ਐਮ ਐਸ ਭਾਟੀਆ//ਮੁਲਾਜ਼ਮ ਸਕਰੀਨ)::
ਪਾਵਰਕਾਮ ਐਂਡ ਟ੍ਰਸਾਕੋਂ ਠੇਕਾ ਮੁਲਾਜ਼ਮ ਯੂਨੀਅਨ ਪੰਜਾਬ ਵਲੋਂ ਅੱਜ ਲੁਧਿਆਣਾ ਬੱਸ ਸਟੈਂਡ ਵਿਖੇ ਸੂਬਾ ਪ੍ਰਧਾਨ ਬਲਿਹਾਰ ਸਿੰਘ ਦੀ ਪ੍ਰਧਾਨਗੀ ਹੇਠ ਸੂਬਾ ਪੱਧਰੀ ਮੀਟਿੰਗ ਕੀਤੀ ਗਈ। ਮੀਟਿੰਗ ਵਿੱਚ ਪਿਛਲੇ ਸੰਘਰਸ਼ ਪ੍ਰਤੀ ਰਿਪੋਰਟ ਦੀ ਜਾਣਕਾਰੀ ਦੇਂਦਿਆਂ ਰੁਕੀਆਂ ਤਨਖਾਹਾਂ ਜਾਰੀ ਕਰਵਾਉਣ, ਕੱਢੇ ਕਾਮਿਆਂ ਨੂੰ ਬਹਾਲ ਕਰਵਾਉਣ ਲਈ, ਕਰੰਟ ਦੋਰਾਨ ਹੋਏ ਹਾਦਸਿਆ ਦੇ ਪਰਿਵਾਰਕ ਮੈੰਬਰ ਨੂੰ ਮੁਆਵਜ਼ਾ ਦਵਾਉਣ ਲਈ, ਕਿਰਤ-ਵਿਭਾਗ ਨਾਲ ਹੋਏ ਸਮਝੋਤੇ ਲਾਗੂ ਕਰਵਾਉਣ ਲਈ ਸਰਕਲ/ ਡਵੀਜ਼ਨ ਪੱਧਰੀ ਧਰਨੇ ਤੇ ਮੁਜ਼ਾਹਰੇ ਕੀਤੇ ਜਾ ਰਹੇ ਹਨ। ਯੂਨੀਅਨ ਦੇ ਇਹਨਾਂ ਐਕਸ਼ਨਾਂ ਦੌਰਾਨ ਰੋਪੜ ਸਰਕਲ ਵਿਖੇ ਤਨਖਾਹਾਂ ਦੀ ਮੰਗ ਕਰ ਰਹੇ ਕਾਮਿਆਂ ਤੇ ਅਫਸਰਸਾਹੀ/ਪ੍ਰਸਾਸ਼ਨ ਦੀ ਮਿਲੀ ਭੁਗਤ ਕਾਰਨ ਯੂਨੀਅਨ ਦੇ ਸੂਬਾ ਪ੍ਰਧਾਨ ਸਮੇਤ ਚਾਰ ਠੇਕਾ ਕਾਮਿਆਂ ਤੇ ਬਿਨਾਂ ਕਿਸੇ ਜਾਚ ਪੜਤਾਲ ਕੀਤੇ ਝੂਠੇ ਕੇਸ ਦਰਜ ਕੀਤੇ ਗਏ ਹਨ ਜਿਸ ਦਾ ਜਥੇਬੰਦੀ ਪੁਰਜ਼ੋਰ ਵਿਰੋਧ ਕਰਦੀ ਹੈ। ਪ੍ਰੈੱਸ ਨੂੰ ਜਾਣਕਾਰੀ ਦੇਂਦਿਆਂ ਸੂਬਾ ਮੀਤ ਪ੍ਰਧਾਨ ਰਾਜੇਸ਼ ਕੁਮਾਰ, ਸਹਿ:ਸਕੱਤਰ ਸੁਖਵਿੰਦਰ ਸਿੰਘ, ਵਿੱਤ ਸਕੱਤਰ ਅਵਤਾਰ ਸਿੰਘ ਨੇ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਪੰਜਾਬ ਸਰਕਾਰ ਵੱਲੋਂ ਸੰਸਾਰੀਕਰਨ ਉਦਾਰੀਕਰਨ ਨਿੱਜੀਕਰਨ ਤੇ ਕਾਰਪੋਰੇਟ ਪੱਖੀ ਨੀਤੀਆਂ ਨੂੰ ਜਿੱਥੇ ਸਰਕਾਰੀ ਅਤੇ ਅਰਧ ਸਰਕਾਰੀ ਵਿਭਾਗਾਂ ਵਿੱਚ ਲਾਗੂ ਕੀਤਾ ਜਾ ਰਿਹਾ ਹੈ ਉੱਥੇ ਪਾਵਰਕਾਮ (ਬਿਜਲੀ ਬੋਰਡ ) ਦੀ ਮਨੇਜਮੈੰਟ ਵਲੋਂ ਰੈਗੂਲਰ ਭਰਤੀ ਕਰਨ ਦੀ ਥਾਂ ਵੱਖ ਵੱਖ ਅਊਟ ਸੋਰਸਿੰਗ ਕੰਪਨੀਆਂ ਠੇਕੇਦਾਰਾਂ ਰਾਹੀਂ ਠੇਕਾ ਕਾਮਿਆਂ ਦੀ ਭਰਤੀ ਕੀਤੀ ਜਾ ਰਹੀ ਹੈ। ਮੁਨਾਫ਼ੇ ਦੀ ਹਵਸ ਤਹਿਤ ਮੈਨੇਜਮੈਂਟ ਤੇ ਠੇਕੇਦਾਰ ਠੇਕਾ ਕਾਮਿਆਂ ਦੀ ਅੰਨ੍ਹੀ ਲੁੱਟ ਕਰਦੇ ਹਨ ਜਿਸ ਤਹਿਤ ਸੈਂਕੜੇ ਨੌਜਵਾਨ ਮੌਤ ਦੇ ਮੂੰਹ ਚਲੇ ਗਏ ਹਨ। ਸੈਂਕੜੇ ਕਾਮੇ ਕਰੰਟ ਲੱਗਣ ਕਾਰਨ ਨਕਾਰਾ ਹੋ ਚੁੱਕੇ ਹਨ ਜਦੋਂ ਇਹ ਕਾਮੇ ਜਥੇਬੰਦਕ ਹੋ ਕੇ ਕਿਰਤ ਕਾਨੂੰਨਾਂ ਨੂੰ ਲਾਗੂ ਕਰਨ, ਹਾਦਸਾ ਹੋਣ ਤੇ ਮੁਆਵਜ਼ਾ ਦੇਣ, ਨੌਕਰੀ ਤੋਂ ਫਾਰਗ ਕੀਤੇ ਠੇਕਾ ਕਾਮੇ ਬਹਾਲ ਕਰਨ, ਕਿਰਤ ਕਮਿਸ਼ਨਰ ਨਾਲ ਹੋਏ ਸਮਝੌਤੇ ਲਾਗੂ ਕਰਨ ਦੀ ਮੰਗ ਕਰਦੇ ਹਨ ਤਾਂ ਅਧਿਕਾਰੀਆਂ ਦੀਆਂ ਅੱਖਾਂ 'ਚ ਰੋੜ ਵਾਂਗ ਰੜਕਦੇ ਹਨ ਜਿਸ ਕਾਰਨ ਅਧਿਕਾਰੀ ਪੁਲਿਸ ਪ੍ਰਸ਼ਾਸਨ ਮਿਲ ਕੇ ਕਾਮਿਆਂ ਤੇ ਜਬਰ ਕਰਦੇ ਹਨ। ਇਸ ਨੀਤੀ ਤਹਿਤ ਹੀ ਮੋਰਿੰਡਾ ਪੁਲਸ ਵੱਲੋਂ ਕੇਸ ਦਰਜ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਆਗੂਆਂ ਤੇ ਮੁਲਾਜ਼ਮਾਂ ਤੇ ਕੇਸ ਦਰਜ ਕਰਵਾਉਣ ਲਈ ਕੈਬਨਿਟ ਮੰਤਰੀ ਚਰਨਜੀਤ ਸਿੰਘ ਚੰਨੀ ਦਾ ਵੀ ਹੱਥ ਹੈ ਕਿਉਂਕਿ ਮੁੱਖ ਮੰਤਰੀ ਪੰਜਾਬ ਦੇ ਸ੍ਰੀ ਚਮਕੌਰ ਸਾਹਿਬ ਦੌਰੇ ਦੌਰਾਨ ਕਾਮਿਆਂ ਵੱਲੋਂ ਮੰਗ ਪੱਤਰ ਦੇਣ ਲਈ ਕੈਬਨਿਟ ਮੰਤਰੀ ਨਾਲ ਨੋਕ ਝੋਕ ਹੋਈ ਸੀ। ਇਨ੍ਹਾਂ ਦੱਸਿਆ ਕਿ ਐਸਡੀਓ ਵੱਲੋਂ ਬਿਨਾਂ ਪੜਤਾਲ ਕੀਤੇ ਝੂਠਾ ਕੇਸ ਸੂਬਾ ਪ੍ਰਧਾਨ ਸਮੇਤ ਚਾਰ ਸੀ.ਐਚ.ਬੀ. ਠੇਕਾ ਕਾਮਿਆਂ ਤੇ ਝੂਠੇ ਪਰਚੇ ਕਰਵਾਏ ਗਏ ਹਨ। ਜਲਾਲਾਬਾਦ ਤੋਂ ਕੱਢੇ ਕਾਮਿਆਂ ਨੂੰ ਬਹਾਲ ਕਰਵਾਉਣ ਲਈ ਲਗਾਤਾਰ 33 ਦਿਨ ਤੋਂ ਪੱਕਾ ਮੋਰਚਾ ਦਿਨ ਰਾਤ ਠੰਡ ਵਿੱਚ ਚਲ ਰਿਹਾ ਹੈ। ਬਰਨਾਲਾ ਸਰਕਲ ਦਾ ਵਰਕ ਆਰਡਰ ਜਾਰੀ ਨਹੀ ਕੀਤਾ ਜਾ ਰਿਹਾ। ਮੈਨੇਜਮੈਂਟ ਦੀ ਅਫਸਰਸਾਹੀ ਨਿੱਘੀ ਨੀਂਦ ਸੁੱਤੀ ਪਈ ਹੈ। ਪੰਜਾਬ ਸਰਕਾਰ ਤੇ ਪਾਵਰਕਾਮ ਮੈਨੇਜਮੈਂਟ ਦੀ ਅਫਸਰਸ਼ਾਹੀ ਵਲੋਂ ਰੋਕੀਆਂ ਤਨਖਾਹਾਂ ਜਾਰੀ ਕਰਵਾਉਣ ਲਈ, ਕੱਢੇ ਕਾਮਿਆਂ ਨੂੰ ਬਹਾਲ ਕਰਵਾਉਣ ਲਈ ਤੇ ਪਾਏ ਝੂਠੇ ਮੁੱਕਦਮੇ ਨੂੰ ਰੱਦ ਕਰਵਾਉਣ ਲਈ ਮਿਤੀ 30 ਦਸੰਬਰ 2019 ਨੂੰ ਮੋਰਿੰਡਾ ਵਿਖੇ ਪਰਿਵਾਰਾਂ ਸਮੇਤ ਧਰਨਾ ਦਿੱਤਾ ਜਾਵੇਗਾ। ਇਸਤੋਂ ਬਾਅਦ 6 ਜਨਵਰੀ ਨੂੰ ਮੰਗ ਪੱਤਰ ਵਿੱਚ ਦਰਜ ਮੰਗਾਂ ਦੇ ਹੱਲ ਪਟਿਆਲਾ ਹੈੱਡ ਆਫਿਸ ਧਰਨਾ ਤੇ ਮੁਜ਼ਾਹਰਾ ਹੋਵੇਗਾ ਜੋ ਕਿ 8 ਜਨਵਰੀ ਵਾਲੀ ਦੇਸ਼ ਵਿਆਪੀ ਹੜਤਾਲ ਦਾ ਹਿੱਸਾ ਬਨਣਗੇ। ਸੀ.ਐਚ.ਬੀ. ਠੇਕਾ ਕਾਮੇ ਤੇ ਜਲਾਲਾਬਾਦ ਵਿਖੇ 8 ਜਨਵਰੀ ਨੂੰ ਕੱਢੇ ਕਾਮਿਆਂ ਨੂੰ ਬਹਾਲ ਕਰਵਾਉਣ ਲਈ ਜ਼ੋਨ ਬਠਿੰਡਾ ਵਲੋਂ ਇੱਕ ਰੋਜ਼ਾ ਹੜਤਾਲ ਕਰ ਕੇ ਜਲਾਲਾਬਾਦ ਧਰਨਾ ਤੇ ਮੁਜ਼ਾਹਰਾ ਦਿੱਤਾ ਜਾਵੇਗਾ। ਕਿਰਤ-ਵਿਭਾਗ ਨੂੰ ਡੈਪੂਟੇਸ਼ਨ ਮਿਲਿਆ ਜਾਵੇਗਾ ਤੇ 18 ਜਨਵਰੀ ਨੂੰ ਸੂਬਾ ਵਰਕਿੰਗ ਦੀ ਮੀਟਿੰਗ ਕਰ 2 ਫਰਵਰੀ ਨੂੰ ਸੂਬਾ ਪੱਧਰੀ ਚੋਣ ਇਜਲਾਸ ਹੋਵੇਗਾ। ਇਸੇ ਲੜੀ ਵਿੱਚ 11 ਫਰਵਰੀ ਨੂੰ ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਪੰਜਾਬ ਦੇ ਬੈਨਰ ਹੇਠ ਪਟਿਆਲਾ ਵਿਖੇ ਪਰਿਵਾਰਾਂ ਸਮੇਤ ਮਹਾਂਰੈਲੀ ਵਿੱਚ ਸ਼ਮੂਲੀਅਤ ਕਰਨਗੇ। ਇਸ ਮੋਕੇ ਸਰਕਲ ਪ੍ਰਧਾਨ ਪਰਮਿੰਦਰ ਸਿੰਘ,ਚੋਧਰ ਸਿੰਘ, ਮਲਕੀਤ ਸਿੰਘ, ਸ਼ਿਵ ਸੰਕਰ, ਰਾਜਵੀਰ ਸਿੰਘ ਮਨਜੀਤ ਸਿੰਘ ਵੀ ਮੀਟਿੰਗ ਸ਼ਾਮਲ ਹੋਏ।