Monday, 22 December 2025

ਸਾਥੀ ਸੁਖਵਿੰਦਰ ਸਿੰਘ ਲੀਲ ਦਾ ਸਨਮਾਨ ਸਮਾਰੋਹ 25 ਨੂੰ

From Satish Sachdeva on Monday 22nd December 2025 at 17:58 Regarding Sukhwinder Leel 

ਡੈਮੋਕ੍ਰੈਟਿਕ ਮੁਲਾਜ਼ਮ ਫੈਡਰੇਸ਼ਨ ਵਲੋਂ ਕੀਤਾ ਜਾਣਾ ਹੈ ਵਿਸ਼ੇਸ਼ ਸਮਾਗਮ 


ਲੁਧਿਆਣਾ
: 22 ਦਸੰਬਰ 2025: (ਸਤੀਸ਼ ਸਚਦੇਵਾ//ਮੁਲਾਜ਼ਮ ਸਕਰੀਨ ਡੈਸਕ)::

ਨਾਟਕ ਕਲਾ ਵਿੱਚ ਨਾਮਣਾ ਖੱਟਣ ਵਾਲੇ,  ਸਮਾਜ ਸੇਵਾ ਵਿੱਚ ਨਵੀਆਂ ਲੀਹਾਂ ਪਾਉਣ ਵਾਲੇ, ਅਧਿਆਪਨ ਦੀ ਸਾਧਨਾ ਲਗਾਤਾਰ ਕਰਦੇ ਰਹਿਣ ਵਾਲੇ ਅਗਾਂਹਵਧੂ ਸਾਥੀ ਸੁਖਵਿੰਦਰ ਲੀਲ 30 ਨਵੰਬਰ ਨੂੰ ਰਿਟਾਇਰ ਹੋ ਗਏ ਸਨ। ਉਹਨਾਂ ਨਾਲ ਸਬੰਧਤ ਉਹਨਾਂ ਦੀਆਂ ਖੂਬੀਆਂ ਦੀ ਚਰਚਾ ਅੱਜਕਲ੍ਹ ਵਿੱਚ ਹੀ ਵੱਖਰੇ ਤੌਰ ਤੇ ਵੀ ਕੀਤੀ ਜਾਵੇਗੀ। ਫਿਲਹਾਲ ਸਿਰਫ ਏਨਾ ਹੀ ਕਿ ਉਹਨਾਂ ਦਾ ਸਨਮਾਨ 25 ਦਸੰਬਰ ਨੂੰ ਕੀਤਾ ਜਾ ਰਿਹਾ ਹੈ।  

ਡੈਮੋਕ੍ਰੈਟਿਕ ਮੁਲਾਜ਼ਮ ਫੈਡਰੇਸ਼ਨ ਵਲੋਂ ਸਾਥੀ ਸੁਖਵਿੰਦਰ ਸਿੰਘ ਲੀਲ ਜ਼ਿਲ੍ਹਾ ਪ੍ਰਧਾਨ ਦੀ ਸਰਕਾਰੀ ਸੇਵਾ ਤੋਂ ਮੁਕਤੀ ਉਪਰੰਤ ਕੈਨਵੈਂਸ਼ਨ ਅਤੇ ਸਨਮਾਨ ਸਮਾਰੋਹ ਮਿਤੀ 25 ਦਸੰਬਰ 2025 ਦਿਨ ਵੀਰਵਾਰ ਨੂੰ  ਸਵੇਰੇ 10 ਵਜੇ ਪੰਜਾਬੀ ਭਵਨ ਲੁਧਿਆਣਾ ਵਿਖੇ ਹੋਵੇਗਾ । ਇਸ ਸਮਾਗਮ ਦੇ ਮੁੱਖ ਬੁਲਾਰੇ ਸਾਥੀ ਭੁਪਿੰਦਰ ਵੜੈਚ ( ਸਾਬਕਾ ਸੂਬਾ ਪ੍ਰਧਾਨ , ਡੀ. ਐਮ. ਐਫ ) ਹੋਣਗੇ ।ਵੱਧ ਤੋਂ ਵੱਧ ਪੈਨਸ਼ਨਰ ਸਾਥੀਆਂ ਨੂੰ ਇਸ ਸਮਾਗਮ ਵਿੱਚ ਪਹੁੰਚਣ ਦੀ ਬੇਨਤੀ ਕੀਤੀ ਜਾਂਦੀ ਹੈ ਜੀ । ਪ੍ਰਬੰਧਕਾਂ ਵੱਲੋਂ ਬੇਨਤੀ ਹੈ ਕਿ ਸਾਥੀ ਲਈ ਕੋਈ ਗਿਫ਼ਟ ਸਵੀਕਾਰ ਨਹੀਂ ਕੀਤਾ ਜਾਵੇਗਾ ਜੀ।

ਅੱਜਕਲ੍ਹ ਵਿੱਚ ਹੀ ਸਾਥੀ ਲੀਲ ਸੰਬੰਧੀ ਇੱਕ ਵਿਸ਼ੇਸ਼ ਲਿਖਤ ਦੀ ਵੀ ਉਡੀਕ ਰੱਖੋ। ਜਲਦੀ ਹੀ ਤੁਹਾਡੇ ਸਾਹਮਣੇ ਹੋਵੇਗੀ ਉਹਨਾਂ ਸੰਬੰਧੀ ਵਿਸ਼ੇਸ਼ ਲਿਖਤ। 

Thursday, 18 December 2025

ਪੈਨਸ਼ਨਰ ਭਵਨ ਲੁਧਿਆਣਾ ਵਿਖੇ 44 ਵਾਂ ਪੈਨਸ਼ਨਰ ਦਿਵਸ ਮਨਾਇਆ

WhatsApp Satish Sachdeva 17th December 2025 at 16:45 Regarding Pensioners Bhawan Meet

ਸੰਨ 2004 ਤੋਂ ਬੰਦ ਪਈਆਂ ਮੁਲਾਜ਼ਮ ਪੈਨਸ਼ਨਾਂ ਬਹਾਲ ਕੀਤੀਆਂ ਜਾਣ 


ਲੁਧਿਆਣਾ
: 17 ਦਸੰਬਰ 2025 (ਸਤੀਸ਼ ਸਚਦੇਵਾ/ ਗੁਰਮੇਲ ਮੈਲਡੇ//ਮੁਲਾਜ਼ਮ ਸਕਰੀਨ ਡੈਸਕ)::

ਪੈਨਸ਼ਨਰ ਇਨਫਰਮੇਸ਼ਨ ਸੈਂਟਰ ਮੈਨੋਜਮੈਂਟ ਕਮੇਟੀ (ਰਜਿ.) ਪੈਨਸ਼ਨਰ ਭਵਨ ਲੁਧਿਆਣਾ ਵਿਖੇ ਸ੍ਰੀ ਦਲੀਪ ਸਿੰਘ ਚੇਅਰਮੈਨ ਦੀ ਪ੍ਰਧਾਨਗੀ ਪੈਨਸ਼ਨਰ ਦਿਵਸ ਬਹੁਤ ਹੀ ਉਤਸ਼ਾਹ ਨਾਲ ਮਨਾਇਆ ਗਿਆ। ਇਸ ਸਮਾਗਮ ਦੇ ਮੁੱਖ ਮਹਿਮਾਨ ਸ਼੍ਰੀ ਸੋਮ ਨਾਥ ਸ਼ਰਮਾ ਸੇਵਾ ਮੁਕਤ ਸੈਂਟਰ ਹੈੱਡ ਟੀਚਰ (ਪੰਜਾਬ ਸਿੱਖਿਆ ਵਿਭਾਗ) ਸ਼ਾਮਲ ਹੋਏ। ਸਮਾਗਮ ਵਿੱਚ  ਵੱਖ-ਵੱਖ ਵਿਭਾਗਾਂ ਦੇ ਅਹੁਦੇਦਾਰਾਂ/ਮੈਂਬਰਾਂ ਅਤੇ ਪੈਨਸ਼ਨਰ ਸਾਥੀਆਂ ਨੇ ਭਾਗ ਲਿਆ।

ਸ਼੍ਰੀ ਨਿਰਮਲ ਸਿੰਘ ਲਲਤੋਂ ਜਨਰਲ ਸਕੱਤਰ ਵੱਲੋਂ ਸਟੇਜ ਦੀ ਸੇਵਾ ਨਿਭਾਉਂਦੇ ਹੋਏ ਪੈਨਸ਼ਨਰਾਂ ਨੂੰ ਜਾਣਕਾਰੀ ਦਿੱਤੀ ਗਈ ਕਿ ਕਿਸ ਤਰਾਂ ਡੀ ਐਸ ਨਾਕਰਾ ਅਤੇ ਉਨ੍ਹਾਂ ਦੇ ਸਾਥੀਆਂ ਵਲੋਂ ਮਾਣਯੋਗ ਹਾਈਕੋਰਟ ਅਤੇ ਸੁਪਰੀਮ ਕੋਰਟ ਵਿੱਚ ਲਗਾਤਾਰ 4 ਸਾਲ ਪੈਨਸ਼ਨ ਸਬੰਧੀ ਲੜਾਈ ਅਦਾਲਤਾਂ ਵਿੱਚ ਲੜੀ ਗਈ ਜੋ ਕਿ ਭਾਰਤ ਸਰਕਾਰ ਵੱਲੋਂ ਪੈਨਸ਼ਨਰਾਂ ਦੀ ਪੈਨਸ਼ਨ ਬੰਦ ਕਰਨ ਸਬੰਧੀ ਪੱਤਰ ਜਾਰੀ ਕੀਤਾ ਗਿਆ ਸੀ ਉਸਨੂੰ ਮਾਣਯੋਗ ਸੁਪਰੀਮ ਕੋਰਟ ਵਿਚੋਂ ਰੱਦ ਕਰਵਾ ਕੇ ਭਾਰਤ ਦੇ ਚੀਫ ਜਸਟਿਸ ਸ਼੍ਰੀ ਚੰਦਰ ਚੂੜ੍ਹ ਦੀ ਅਗਵਾਈ ਹੇਠ ਬਣੇ ਫੁੱਲ ਬੈਂਚ ਨੇ ਪੈਨਸ਼ਨ ਨੂੰ ਜਾਰੀ ਰੱਖਣ ਲਈ ਹੁਕਮ ਜਾਰੀ ਕੀਤੇ ਅਤੇ ਨਾਲ ਹੀ ਭਾਰਤ ਸਰਕਾਰ ਨੂੰ ਕਿਹਾ ਕਿ ਪੈਨਸ਼ਨ ਮੁਲਾਜ਼ਮਾਂ ਦਾ ਹੱਕ ਹੈ। ਇਹ ਕੋਈ ਸਰਕਾਰ ਵੱਲੋਂ ਪੈਨਸ਼ਨਰਾਂ ਨੂੰ ਖੈਰਾਤ ਨਹੀਂ ਦਿੱਤੀ ਜਾਂਦੀ। ਮੁਲਾਜ਼ਮ ਆਪਣੀ ਸਾਰੀ ਜ਼ਿੰਦਗੀ ਸਰਕਾਰ ਦੀ ਸੇਵਾ ਵਿੱਚ ਲਗਾ ਕੇ ਪਬਲਿਕ ਲਈ ਕੰਮ ਕਰਦੇ ਹਨ। ਇਸ ਲਈ ਮੁਲਾਜ਼ਮਾਂ ਨੂੰ ਪੈਨਸ਼ਨ ਮਿਲਣੀ ਬਹੁਤ ਹੀ ਜ਼ਰੂਰੀ ਹੈ। ਇਹ ਫੈਸਲਾ 17 ਦਸੰਬਰ 1982 ਨੂੰ ਦਿੱਤਾ ਗਿਆ ਸੀ। 

ਸਮਾਗਮ ਵਿੱਚ ਸ਼ਾਮਲ ਹੋਏ ਵੱਖ-ਵੱਖ  ਬੁਲਾਰਿਆਂ ਵੱਲੋਂ ਚੀਫ ਜਸਟਿਸ ਸ਼੍ਰੀ ਚੰਦਰ ਚੂਹੜ ਅਤੇ ਡੀ ਐਸ ਨਾਕਰਾ ਜੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਹੋਏ ਮੌਜੂਦਾ ਸਰਕਾਰ ਨੂੰ ਵੀ ਅਪੀਲ ਕੀਤੀ ਗਈ ਕਿ ਮੁਲਾਜ਼ਮਾਂ ਦੀ ਪੈਨਸ਼ਨ ਜੋ ਸਾਲ 2004 ਤੋਂ ਬੰਦ ਕੀਤੀ ਗਈ ਹੈ ਉਸਨੂੰ ਬਹਾਲ ਕੀਤਾ ਜਾਵੇ ਅਤੇ ਪੈਨਸ਼ਨਰਾਂ ਦੀਆਂ ਲੰਬਤ ਪਈਆਂ ਮੰਗਾਂ ਵੱਲ ਖਾਸ ਕਰਕੇ ਮਹਿੰਗਾਈ ਭੱਤਾ ਕੇਂਦਰ ਸਰਕਾਰ ਦੀ ਤਰਜ਼ ਤੇ ਜੋ ਸਰਕਾਰ ਵੱਲੋਂ ਰੋਕਿਆ ਗਿਆ ਹੈ ਉਸਨੂੰ ਜਾਰੀ ਕੀਤਾ ਜਾਵੇ। 

ਅੱਜ ਦੇ ਸਮਾਗਮ ਵਿੱਚ ਸ਼੍ਰੀ ਮੇਜਰ ਸਿੰਘ ਨੱਤ ਸੀਨੀਅਰ ਵਾਈਸ ਚੇਅਰਮੈਨ, ਸ਼੍ਰੀ ਐਚ ਐਸ ਮਾਂਗਟ ਸੀਨੀਅਰ ਵਾਈਸ ਚੇਅਰਮੈਨ  ਸ਼੍ਰੀ ਸ਼ੁਸ਼ੀਲ ਕੁਮਾਰ ਜੀ ਮੁੱਖ ਸਲਾਹਕਾਰ ਸ਼੍ਰੀ ਰਾਜਿੰਦਰ ਕੁਮਾਰ ਜੀ ਵਿੱਤ ਸਕੱਤਰ , ਸ਼੍ਰੀ ਰਾਜਿੰਦਰ ਸਿੰਘ ਲਲਤੋਂ , ਦੀਪਇੰਦਰ ਸਿੰਘ, ਵੀ ਸੀ ਪੁਰੀ, ਹਰਦੁਆਰੀ ਲਾਲ ਸ਼ਰਮਾ ਸਾਰੇ ਵਾਈਸ ਚੇਅਰਮੈਨ, ਸ਼੍ਰੀ ਵਿਜੇ ਮਰਜਾਰਾ, ਨਰਿੰਦਰ ਪਾਲ ਸ਼ਰਮਾ , ਸੁਦਾਗਰ ਸਿੰਘ, ਸ਼੍ਰੀ ਪਰਗਟ ਸਿੰਘ ਗਰੇਵਾਲ,ਦਲਜੀਤ ਸਿੰਘ, ਦਰਸ਼ਨ ਸਿੰਘ ਓਟਾਲਾਂ, ਸ਼ਾਮ ਸੁੰਦਰ ਸ਼ਰਮਾ ਮੱਖਣ ਸਿੰਘ ਜੁਡੀਸ਼ਰੀ ਤੋਂ ਕੁਲਭੂਸ਼ਨ, ਮਦਨ ਲਾਲ ਸ਼ਰਮਾ,ਪਵਿੱਤਰ ਸਿੰਘ, ਅਵਤਾਰ ਸਿੰਘ, ਗੁਰਦਿਆਲ ਸਿੰਘ,ਕੁਲਦੀਪ ਸਿੰਘ, ਕੈਨੇਡਾ ਤੋ ਪਹੁੰਚੇ ਸਤੀਸ਼ ਸਚਦੇਵਾ, ਜੀ ਨੂੰ ਪੈਨਸ਼ਰ ਭਵਨ ਲੁਧਿਆਣਾ ਵਲੋਂ ਵਿੱਤੀ ਸਹਾਇਤਾ ਦੇਣ ਤੇ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। 

ਵੱਡੀ ਗਿਣਤੀ ਵਿੱਚ ਪੈਨਸ਼ਨਰ ਸ਼੍ਰੀ ਅਨੋਖ ਸਿੰਘ ਜੀ ਜਸਪਾਲ ਸਿੰਘ , ਰਾਮਪ੍ਰਕਾਸ਼ ਜੀ ਮੈਡਮ ਸੰਤੋਸ਼ ਭਾਟੀਆ ਜੀ,ਮੈਡਮ ਸਲੇਮਪੁਰੀ ਜੀ ਸਾਥਣਾਂ ਸਮੇਤ ਸ਼ਾਮਲ ਹੋਏ, ਅੰਤ ਵਿੱਚ ਚੇਅਰਮੈਨ ਪੈਨਸ਼ਨਰ ਭਵਨ ਲੁਧਿਆਣਾ ਵੱਲੋਂ ਸਭਨਾਂ ਦਾ ਧੰਨਵਾਦ ਕੀਤਾ ਗਿਆ, ਚਾਹ ਬਰੈਡ ਪਕੌੜਿਆਂ ਦਾ ਲੰਗਰ ਸਾਰਾ ਦਿਨ ਚੱਲਦਾ ਰਿਹਾ।

Thursday, 23 October 2025

ਪੰਜਾਬ ਰੋਡਵੇਜ਼,ਪਨਬਸ/ਪੀ.ਆਰ.ਟੀ.ਸੀ ਵਰਕਰਜ਼ ਫਿਰ ਰੋਸ ਅਤੇ ਰੋਹ ਦੇ ਵਿੱਚ

ਪੰਜਾਬ ਸਰਕਾਰ ਵਾਰ-ਵਾਰ ਆਪਣਾ ਰਹੀ ਹੈ ਨਿਜੀਕਰਨ ਦੇ ਹਰਬੇ-ਰੇਸ਼ਮ ਸਿੰਘ ਗਿੱਲ

*ਸਰਕਾਰ ਨਾਲ ਯੂਨੀਅਨ ਦੀਆਂ ਮੀਟਿੰਗਾਂ ਦੇ ਵਿੱਚ ਦਿੱਤੇ ਗਏ ਸਨ ਵੱਡੇ ਸਬੂਤ। 
*ਯੂਨੀਅਨ ਦੱਸਿਆ ਸੀ ਕਿ ਟਰਾਂਸਪੋਰਟ ਦੇ ਵਿਭਾਗਾਂ ਨੂੰ ਹੋ ਰਿਹਾ ਹੈ ਵੱਡਾ ਨੁਕਸਾਨ। 
*ਫਿਰ ਵੀ ਸਰਕਾਰ ਨੇ ਨਹੀਂ ਦਿੱਤੀ ਨੁਕਸਾਨ ਦਾਇਕ ਨੀਤੀਆਂ ਨੂੰ ਛੱਡਣ ਦੀ ਤਰਜੀਹ।   
*ਇਹ ਸਾਰੀ ਪੋਲ ਖੋਲਣ ਦੇ ਲਈ ਕੀਤਾ ਜਾਵੇਗਾ ਤਰਨਤਾਰਨ ਚੋਣ ਵਿੱਚ ਪ੍ਰਚਾਰ-ਹਰਕੇਸ਼ ਕੁਮਾਰ ਵਿੱਕੀ

ਲੁਧਿਆਣਾ
: 23 ਅਕਤੂਬਰ 2025: (ਮੀਡੀਆ ਲਿੰਕ ਰਵਿੰਦਰ//ਮੁਲਾਜ਼ਮ ਸਕਰੀਨ ਡੈਸਕ)::
ਸਰਕਾਰੀ ਟਰਾਂਸਪੋਰਟ ਚਲਾਉਣ ਵਾਲੇ ਇੱਕ ਵਾਰ ਫੇਰ ਰੋਹ ਅਤੇ ਰੋਸ ਵਿੱਚ ਹਨ। ਦੂਜੇ ਪਾਸੇ ਨਿਜੀ ਟਰਾਂਸਪੋਰਟ ਵਾਲੇ ਮੌਜਾਂ ਮਾਣਦੇ ਹਨ। ਨਿਜੀ ਵਾਲਿਆਂ ਦੀਆਂ ਖੁਸ਼ਹਾਲੀਆਂ ਅਤੇ ਸਰਕਾਰੀ ਟਰਾਂਸਪੋਰਟ ਵਾਲਿਆਂ ਦੀਆਂ ਬਦਹਾਲੀ ਅਸਲ ਵਿੱਚ ਨਿਜੀ ਕਰਨ ਵੱਲ ਝੁਕ ਰਹੀਆਂ ਨੀਤੀਆਂ ਹਨ। 

ਸਰਕਾਰ ਆਪਣੇ ਮੁਨਾਫ਼ੇ ਵਿੱਚ ਜਾਂਦੇ ਮਹਿਕਮਿਆਂ ਨੂੰ ਘਾਟੇ ਵਾਲੇ ਪਾਸੇ ਕਿਓਂ ਲਿਜਾ ਰਹੀ ਹੈ? ਇਸ ਸੁਆਲ ਦਾ ਜੁਆਬ ਤਾਂ ਸਰਕਾਰ ਨੇ ਹੀ ਦੇਣਾ ਹੈ। ਨੁਕਸ ਤਾਂ ਡਾਕਰੀ ਸੇਵਾਵਾਂ ਵਿਚ ਵੀ ਕਈ ਹੋਣਗੇ ਪਰ ਕੁਲ ਮ ਇਲਾ ਕੇ ਇਹ ਹੁੰਦੀ ਤਾਂ ਪਬਲਿਕ ਦੀ ਸੰਪਤੀ ਹੀ ਹੈ। ਇਸ ਨੂੰ ਬਚਾਉਣ ਦੇ ਬਜਾਏ ਮਿੱਟੀ ਘੱਟੇ ਰੋਲਣਾ ਕਿਸੇ ਵੀ ਤਰ੍ਹਾਂ ਉਚਿਤ ਨਹੀਂ ਹੋ ਸਕਦਾ। 

ਅੱਜ ਮਿਤੀ 23 ਅਕਤੂਬਰ ਨੂੰ ਪੰਜਾਬ ਰੋਡਵੇਜ਼ ਪਨਬਸ/ਪੀ.ਆਰ.ਟੀ.ਸੀ ਕੰਟਰੈਕਟ ਵਰਕਰਜ਼ ਯੂਨੀਅਨ ਪੰਜਾਬ 25/11 ਵਲੋ ਆਪਣੇ ਐਕਸ਼ਨ ਤੇਜ਼ ਕਰਨ ਦਾ ਸਪਸ਼ਟ ਸੰਕੇਤ ਦਿੱਤਾ ਗਿਆ ਹੈ। ਇਸ ਤੋਂ ਛੇਤੀ ਹੀ ਬਾਅਦ ਐਕਸ਼ਨ ਸ਼ੁਰੂ ਵੀ ਕਰ ਦਿੱਤਾ ਗਿਆ। ਚੇਤਾਵਨੀਆਂ ਪਹਿਲਾਂ ਹੀ ਆ ਚੁੱਕੀਆਂ ਸਨ। ਅੱਜ ਪ੍ਰੈਸ ਨੋਟ ਜਾਰੀ ਕਰਦਿਆਂ ਸੂਬਾ ਪ੍ਰਧਾਨ ਰੇਸ਼ਮ ਸਿੰਘ ਗਿੱਲ,ਸੀ.ਮੀਤ ਪ੍ਰਧਾਨ ਹਰਕੇਸ਼ ਕੁਮਾਰ ਵਿੱਕੀ,ਸੈਕਟਰੀ ਸ਼ਮਸ਼ੇਰ ਸਿੰਘ ਢਿੱਲੋਂ,ਕੈਸ਼ੀਅਰ ਰਮਨਦੀਪ ਸਿੰਘ,ਬਲਜੀਤ ਸਿੰਘ, ਜੁਆਇੰਟ ਸਕੱਤਰ ਜਗਤਾਰ ਸਿੰਘ,ਜੋਧ ਸਿੰਘ ਨੇ ਕਿਹਾ ਕਿ ਪੀ.ਆਰ.ਟੀ.ਸੀ ਵਿੱਚ ਪੰਜਾਬ ਸਰਕਾਰ ਦੇ ਵੱਲੋਂ ਰਾਹਤ ਸਕੀਮਾ ਦੇ ਤਹਿਤ 17 ਕੈਟਾਗਰੀ ਨੂੰ ਪਹਿਲਾਂ ਤੋਂ ਹੀ ਫਰੀ ਸਫ਼ਰ ਸਹੂਲਤਾਂ ਦੇ ਰਹੀ ਹੈ। 

ਇਸ ਤੋਂ ਇਲਾਵਾ ਸੂਬਾ ਸਰਕਾਰ ਦੇ ਫੈਸਲੇ ਮੁਤਾਬਿਕ ਲਗਭਗ 5 ਸਾਲਾਂ ਤੋਂ ਔਰਤਾਂ ਨੂੰ ਫਰੀ ਸਫ਼ਰ ਸਹੂਲਤ ਦੀ ਸੇਵਾ ਪ੍ਰਦਾਨ ਕਰ ਰਹੇ ਹਾਂ ਪਨਬਸ /ਪੀ.ਆਰ.ਟੀ.ਸੀ ਦਾ ਲਗਭਗ 1200 ਕਰੋੜ ਰੁਪਏ ਸਰਕਾਰ ਵੱਲ ਫਰੀ ਸਫ਼ਰ ਸਹੂਲਤ ਦਾ ਪੈਸੇ ਬਕਾਇਆ ਪੈਡਿੰਗ ਹੈ। 

ਕਿਲੋਮੀਟਰ ਸਕੀਮ ਬੱਸਾਂ ਦੇ ਟੈਂਡਰ ਸਬੰਧੀ ਯੂਨੀਅਨ ਦੀਆਂ 2 ਮੀਟਿੰਗਾਂ ਵੀ ਹੋ ਚੁੱਕੀਆਂ ਹਨ ਹਰ ਮੀਟਿੰਗ ਦੇ ਵਿੱਚ ਯੂਨੀਅਨ ਨੇ ਕਿਲੋਮੀਟਰ ਸਕੀਮ (ਪ੍ਰਾਈਵੇਟ ਬੱਸਾਂ) ਨੂੰ ਘਾਟੇ ਵੰਦਾ ਸਾਬਿਤ ਕੀਤਾ ਹੈ। ਸਰਕਾਰ ਆਮ ਪਬਲਿਕ ਦੀ ਪ੍ਰਾਪਟੀ ਦਾ ਜਾਣਬੁਝ ਕੇ ਵੱਡੇ ਕਾਰਪੋਰੇਟ ਨੂੰ ਲੁੱਟ ਕਰਵਾਉਣ ਚਾਹੀਦੀ ਹੈ ਕਿਉਂਕਿ ਫਰੀ ਸਫ਼ਰ ਸਹੂਲਤ ਦੇ ਨਾਲ ਪੰਜਾਬ ਦੀ ਪਬਲਿਕ ਸਫਰ ਸਹੂਲਤ ਮਿਲ ਰਹੀ ਹੈ।  

ਜੇਕਰ ਸਰਕਾਰ ਆਪਣੇ ਹੀ ਘਰ ਦੇ ਇਹਨਾਂ ਸਰਕਾਰੀ ਵਿਭਾਗਾਂ ਦੇ ਵਿੱਚ ਆਪਣੀਆਂ ਬੱਸਾਂ ਪਾਉਣ ਦੀ ਆਗਿਆ ਦੇਵੇ ਤਾਂ ਸਰਕਾਰੀ ਵਿਭਾਗਾਂ ਪਹਿਲਾਂ ਦੀ ਤਰਾਂ ਹੀ ਬੈਂਕ ਤੋ ਕਰਜ ਲੈ ਕੇ ਬੱਸਾਂ ਖਰੀਦ ਸਕਦੇ ਹਨ ਪਹਿਲਾਂ ਵੀ ਵਿਭਾਗ ਆਪਣੇ ਪੱਧਰ ਤੇ ਕਰਜ਼ ਲੈ ਕੇ ਬੱਸਾਂ ਖਰੀਦਦੇ ਰਹੇ ਹਨ।  ਇਹਨਾਂ ਸਭ ਸਲਾਹਾਂ ਦੇ ਬਾਵਜੂਦ ਆਮ ਆਦਮੀ ਪਾਰਟੀ ਦੀ ਸਰਕਾਰ ਬੱਸਾਂ ਪਾਉਣ ਦੀ ਮਨਜ਼ੂਰੀ ਤੋਂ ਭੱਜ ਰਹੀ ਹੈ।  ਇਹ ਦੇਖ ਕੇ ਕਿੱਤੇ ਕਿੱਤੇ ਇਹ ਸ਼ੰਕਾ/ਖਦਸ਼ਾ  ਲਗਦਾ ਹੈ ਕਿ ਇਸ ਸਰਕਾਰ ਨੇ ਵੀ ਕਾਰਪੋਰੇਟ ਨਾਲ ਹੱਥ ਮਿਲਾ ਲਏ ਜਿਸ ਕਰਕੇ ਬੱਸਾਂ ਪਾਉਣ ਦੀ ਮਨਜ਼ੂਰੀ ਨਹੀਂ ਦਿੱਤੀ ਜਾ ਰਹੀ।

ਜੇਕਰ  ਮੁਲਾਜ਼ਮ ਕੋਈ ਸੰਘਰਸ਼ ਕਰਦੇ ਹਨ ਤਾਂ ਸਰਕਾਰ ਜਾਂ ਵਿਭਾਗ ਦੇ ਮੰਤਰੀ ਅਤੇ ਮੈਨੇਜਮੈਂਟ ਵਲੋਂ ਮਸਲੇ ਦਾ ਹੱਲ ਕੱਢਣ ਦੀ ਬਜਾਏ ਮੁਲਾਜ਼ਮਾਂ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਅਤੇ ਉਲਟਾ ਮੁਲਾਜ਼ਮਾਂ  ਨੂੰ ਬਦਨਾਮ ਕਰਨ ਲਈ ਸਿਆਸੀ ਬਿਆਨਬਾਜ਼ੀ ਕੀਤੀ ਜਾਂਦੀ ਹੈ ਜਦੋਂ ਕਿ ਕੱਚੇ ਕਰਮਚਾਰੀਆਂ  ਨੇ ਹੀ ਆਪਣੀ ਮਿਹਨਤ ਦੇ ਨਾਲ ਬੱਸਾਂ ਨੂੰ ਕਰਜ਼ਾ ਮੁਕਤ  ਕਰਨ ਹੁੰਦਾ ਹੈ।  

ਵਿਭਾਗ ਵਿੱਚ ਪਹਿਲਾਂ ਹੀ ਠੇਕੇਦਾਰ ਸਿਸਟਮ ਤਹਿਤ GST ਅਤੇ ਕਮਿਸ਼ਨ ਦੇ ਰੂਪ ਵਿੱਚ ਹੋ ਰਹੀ ਲੁੱਟ ਨੂੰ ਰੋਕਣ ਦੀ ਬਜਾਏ ਵਾਰ ਵਾਰ ਠੇਕੇਦਾਰ ਬਦਲੇ ਜਾ ਰਹੇ ਹਨ। ਪਨਬਸ ਵਿੱਚ 4 ਸਾਲਾਂ ਵਿੱਚ ਚੌਥਾ ਠੇਕੇਦਾਰ ਲਿਆਂਦਾ ਗਿਆ ਹੈ ਇਸ ਤੋਂ ਸਿੱਧ ਹੁੰਦਾ ਹੈ ਕਿ ਵਿਧਾਨ ਸਭਾ ਵਿੱਚ ਮੁੱਖ ਮੰਤਰੀ ਪੰਜਾਬ ਦੇ ਦਿੱਤੇ ਬਿਆਨ ਅਤੇ ਚੋਣਾਂ ਤੋਂ ਪਹਿਲਾਂ ਕੀਤੇ ਵਾਅਦੇ ਸਭ ਕੁੱਝ ਝੂਠ ਹਨ। 

ਵਿਭਾਗ ਅਤੇ ਠੇਕੇਦਾਰ ਵਲੋਂ ਵੱਖ ਵੱਖ  ਤਰੀਕਿਆਂ ਨਾਲ ਮੁਲਾਜ਼ਮਾਂ ਦਾ ਸ਼ੋਸਣ ਕੀਤਾ ਜਾ ਰਿਹਾ ਹੈ, ਕੰਡੀਸ਼ਨਾਂ ਲਾ ਕੇ ਕਰਮਚਾਰੀਆ ਨੂੰ ਨੋਕਰੀਆ ਤੋਂ ਕੱਢਿਆ ਜਾ ਰਿਹਾ ਹੈ ਅਤੇ  ਰਿਸ਼ਵਤਖੋਰੀ ਰਾਹੀਂ ਆਊਟ ਸੋਰਸ ਤੇ ਭਰਤੀ ਕੀਤੀ ਜਾ ਰਹੀ ਹੈ। 

ਸਰਕਾਰ  ਪੀ.ਆਰ.ਟੀ.ਸੀ ਦੇ ਪੁਰਾਣੇ ਬੱਸ ਸਟੈਂਡਾਂ ਨੂੰ ਵੇਚਣ ਦੇ ਲਈ ਵੀ ਤਿਆਰ ਬੈਠੀ ਹੈ ਜਦੋਂ ਕਿ ਸਰਕਾਰ ਨੇ  ਪੀ.ਆਰ.ਟੀ.ਸੀ ਦੇ ਪਹਿਲਾਂ ਹੀ ਕਰੋੜਾਂ ਰੁਪਏ ਦੇਣੇ ਹਨ ਸਰਕਾਰ ਉਹ ਪੈਸੇ ਦੇਣ ਦੀ ਬਜਾਏ ਵਿਭਾਗ ਦੀ ਪ੍ਰਾਪਟੀ ਨੂੰ ਵੇਚਣ ਜਾ ਰਹੀ ਹੈ। ਅਸਲ ਵਿੱਚ ਇਹ ਸਭ ਵਿਭਾਗ ਨੂੰ ਖਤਮ ਕਰਨ ਦੀਆਂ ਸਾਜ਼ਿਸ਼ਾਨ ਤਹਿਤ  ਚੱਲ ਰਿਹਾ ਹੈ। 

ਵੱਡੇ-ਵੱਡੇ ਦਾਅਵੇ ਕਰਨ ਵਾਲੀ  ਸਰਕਾਰ ਅਸਲ ਵਿੱਚ ਬਿਲਕੁਲ ਹੀ ਫੇਲ ਹੋ ਚੁੱਕੀ ਹੈ। ਅੱਜ  23 ਅਕਤੂਬਰ ਨੂੰ ਜੰਥੇਬੰਦੀ ਵੱਲੋ ਵੱਖ-ਵੱਖ ਸ਼ਹਿਰ ਬਲੋਕ ਕੀਤੇ ਗਏ ਸੀ।  ਪ੍ਰਸ਼ਾਸਨ ਸਮੇਤ ਅਧਿਕਾਰੀਆਂ ਨੇ ਭਰੋਸਾ ਦਿੱਤਾ ਜਿਸ ਤੇ ਧਰਨੇ ਪੋਸਟਪੌਨ ਕੀਤੇ ਗਏ। 
      
ਸੂਬਾ ਸੀਨੀਅਰ ਮੀਤ ਪ੍ਰਧਾਨ ਬਲਜਿੰਦਰ ਸਿੰਘ ਬਰਾੜ,ਸੀ.ਮੀਤ ਪ੍ਰਧਾਨ ਜਗਜੀਤ ਸਿੰਘ,ਸੀ.ਮੀਤ ਪ੍ਰਧਾਨ ਗੁਰਪ੍ਰੀਤ ਸਿੰਘ ਪੰਨੂ ਤੇ ਰੋਹੀ ਰਾਮ, ਜਤਿੰਦਰ ਸਿੰਘ,ਹਰਪ੍ਰੀਤ ਸਿੰਘ , ਕੁਲਵੰਤ ਸਿੰਘ, ਰਣਜੀਤ ਸਿੰਘ , ਰਣਧੀਰ ਸਿੰਘ ਜਗਦੀਸਵਰ ਚੰਦਰ, ਪਰਮਜੀਤ ਸਿੰਘ,ਸਤਨਾਮ ਸਿੰਘ, ਬਲਜੀਤ ਸਿੰਘ,ਅਮਰਜੀਤ ਸਿੰਘ, ਦਲਵਿੰਦਰ ਸਿੰਘ,ਸੁਖਜੀਤ ਸਿੰਘ, ਕੁਲਵੰਤ ਸਿੰਘ,ਉਡੀਕ ਚੰਦ,ਜਲੋਰ ਸਿੰਘ ਨੇ ਕਿਹਾ ਕਿ ਮਿਤੀ 1 ਜੁਲਾਈ 2024 ਨੂੰ ਮੁੱਖ ਮੰਤਰੀ ਪੰਜਾਬ ਵਲੋਂ ਮੀਟਿੰਗ ਕਰਕੇ ਇੱਕ ਮਹੀਨੇ ਵਿੱਚ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ, ਠੇਕੇਦਾਰੀ  ਸਿਸਟਮ ਨੂੰ ਖਤਮ ਕਰਨਾ ਅਤੇ ਬਰਾਬਰ ਕੰਮ ਬਰਾਬਰ ਤਨਖਾਹ ਮੰਗ ਸਮੇਤ ਮਾਰੂ ਕੰਡੀਸ਼ਨਾ ਨੂੰ ਰੱਦ ਕਰਕੇ ਸਰਵਿਸ ਰੂਲ ਲਾਗੂ ਕਰਨ ਅਤੇ ਵਿਭਾਗਾ ਦੇ ਵਿੱਚ ਆਪਣੀਆਂ ਮਾਲਕੀ ਦੀਆਂ ਬੱਸਾਂ ਪਾਉਣ ਹੋਰ ਮੰਗਾਂ ਦਾ ਹੱਲ ਕੱਢਣ ਲਈ ਪੱਤਰ ਜਾਰੀ ਕਰਨ ਦੇ ਬਾਵਜੂਦ ਵੀ ਸਰਕਾਰ ਅਤੇ ਅਧਿਕਾਰੀਆਂ ਵਲੋਂ ਹੱਲ ਕੱਢਣ ਦੀ ਥਾਂ ਤੇ ਟਰਾਂਸਪੋਰਟ ਵਿਭਾਗ ਦਾ ਭੋਗ ਪਾਉਣ ਲਈ ਨਿੱਜੀਕਰਨ ਕਰਨ ਦੀਆਂ ਨੀਤੀ ਲਿਆਂਦੀਆਂ ਜਾ ਰਹੀਆਂ ਹਨ।  ਇਹਨਾਂ ਸਾਜ਼ਿਸ਼ਾਂ ਅਧੀਨ ਹੀ ਜਿਸ ਤਹਿਤ ਵਾਲਵੋ ਅਤੇ HVAC  ਕਿਲੋਮੀਟਰ ਸਕੀਮ ਬੱਸਾਂ ਦੇ ਟੈਂਡਰ ਮਿਤੀ 31/10/2025 ਨੂੰ ਅਤੇ ਸਧਾਰਨ ਬੱਸਾਂ ਦੇ ਟੈਂਡਰ ਮਿਤੀ 17 ਨਵੰਬਰ 2025 ਨੂੰ ਖੋਲ੍ਹਣ ਲਈ ਮੈਨਿਜਮੈਟ ਉਤਾਵਲੀ ਹੈ ਇਸ ਲਈ ਯੂਨੀਅਨ ਵਲੋਂ ਜਨਤਾ ਨੂੰ ਜਾਗਰੂਕ ਕਰਨ ਲਈ ਅਤੇ ਆਪਣੇ ਵਿਭਾਗਾਂ ਨੂੰ ਬਚਾਉਣ ਇਸ ਨਿੱਜੀਕਰਨ ਨੂੰ ਰੋਕਣ ਲਈ ਹਰ ਸੰਭਵ  ਲੜਾਈ ਲੜੀ ਜਾਵੇਗੀ। 

ਜੇਕਰ ਟੈਂਡਰ ਰੱਦ ਨਹੀ ਹੁੰਦਾ ਤਾਂ ਮਿਤੀ 31 ਅਕਤੂਬਰ 2025 ਨੂੰ ਤੁਰੰਤ ਹੀ ਸਾਰੇ ਸ਼ਹਿਰਾਂ ਵਿੱਚ ਜਾਮ ਲਗਾਏ ਜਾਣਗੇ। ਤਰਨਤਾਰਨ ਦੇ ਵਿੱਚ ਆ ਰਹੀ ਚੋਣ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਪੋਲ ਖੋਲਣ ਦੇ ਲਈ ਤਰਨਤਾਰਨ ਦੇ ਵਿੱਚ ਸਰਕਾਰ ਦਾ ਭੰਡ ਪ੍ਰਚਾਰ ਕੀਤਾ ਜਾਵੇਗਾ ਜਿਸ ਵਿੱਚ ਹੋਣ ਵਾਲੇ ਨੁਕਸਾਨ ਦੀ ਜੁੰਮੇਵਾਰੀ ਪੰਜਾਬ ਸਰਕਾਰ ਅਤੇ ਮੈਨਿਜਮੈਂਟ ਦੀ ਹੋਵੇਗੀ। 

ਮਿਹਨਤ ਮੁਸ਼ੱਕਤ ਕਰਨ ਵਾਲੇ ਇਹ ਬਰਕਤ ਵਿਚਾਰੇ ਹੋਰ ਕਰ ਵੀ ਕੀ ਸਕੇਡ ਹਨ?ਇਹ ਨਾਅਰਾ ਯਾਦ ਕਰ ਸਕਦੇ ਹਨ-
ਹਰ ਜ਼ੋਰ ਜ਼ੁਲਮ ਕੀ ਟੱਕਰ ਮੈਂ;
ਹੜਤਾਲ ਹਮਾਰਾ ਨਾਅਰਾ ਹੈ!

Sunday, 19 October 2025

ਰਾਜਪੁਰਾ ਤੋਂ ਵੀ ਵਾਤਾਵਰਨ ਸਾਫ ਰੱਖਣ ਤੇ ਗਰੀਨ ਦੀਵਾਲ਼ੀ ਮਨਾਉਣ ਦਾ ਸੱਦਾ

Received on Sunday 19th October 2025 at 12:08 PM WhatsApp Regarding Union Meeting

ਗੁਰੂ ਸਾਹਿਬ ਦੇ ਮੀਰੀ ਪੀਰੀ ਦੇ ਸਿਧਾਂਤ ਨੂੰ ਲਾਗੂ ਕਰਨ ਵੱਲ ਵੀ ਕਦਮ ਵਧਾਉਣਾ ਜ਼ਰੂਰੀ 


ਰਾਜਪੁਰਾ
: 19 ਅਕਤੂਬਰ 2025: (ਹਰਭਗਵਾਨ ਭੀਖੀ//ਮੁਲਾਜ਼ਮ ਸਕਰੀਨ ਡੈਸਕ)::

ਹਿੰਦੁਸਤਾਨ ਯੂਨੀਲੀਵਰ ਇੰਪਲਾਇਜ਼ ਯੂਨੀਅਨ  ਰਜਿ:27  ਨੇ ਪੰਜਾਬ ਦੇ ਸਮੂਹ ਲੋਕਾਂ ਨੂੰ ਦੀਵਾਲ਼ੀ, ਬੰਦੀ ਛੋੜ ਦਿਵਸ ਵਿਸ਼ਵਕਰਮਾ ਦਿਵਸ ਦੀ ਵਧਾਈ ਦਿੰਦਿਆਂ ਸੱਦਾ ਦਿੱਤਾ ਹੈ ਕਿ ਉਹ ਵਾਤਾਵਰਨ ਨੂੰ ਸਾਫ ਰੱਖਣ ਤੇ ਪੌਦੇ ਲਗਾ ਕੇ ਗਰੀਨ ਦੀਵਾਲ਼ੀ ਮਨਾਉਣ ਤੇ ਹਾਕਮਾਂ ਦੀਆਂ ਬੁਰੀਆਂ ਨੀਤੀਆਂ ਅਵਾਜ਼ ਬੁਲੰਦ ਕਰਨ

 ਮੀਟਿੰਗ ਤੋਂ ਬਾਅਦ ਜਾਰੀ ਬਿਆਨ 'ਚ ਮੋਹਨ ਸਿੰਘ (ਪ੍ਰਧਾਨ)   ਸੰਦੀਪ ਕੁਮਾਰ  (ਜਰਨਲ ਸੈਕਟਰੀ)   ਜੈ ਭਗਵਾਨ ਸ਼ਰਮਾ (ਕੈਸ਼ੀਅਰ)     ਹਿੰਦੁਸਤਾਨ ਯੂਨੀਲੀਵਰ ਇੰਪਲਾਇਜ਼ ਯੂਨੀਅਨ  ਰਜਿ:27  ਦੇ ਜਗਮੋਹਨ ਸਿੰਘ, ਜਨਰਲ ਸਕੱਤਰ ਸੰਦੀਪ ਕੁਮਾਰ ਤੇ ਕੈਸ਼ੀਅਰ ਜੈ ਭਗਵਾਨ ਸ਼ਰਮਾ ਕੁਲਰੀਆਂ ਨੇ ਕਿਹਾ ਕਿ ਇਨ੍ਹਾਂ ਤਿਉਹਾਰਾਂ ਦੀ ਲੋਕਾਂ ਨੂੰ ਬੜੀ ਉਤਸੁਕਤਾ ਨਾਲ ਉਡੀਕ ਰਹਿੰਦੀ ਹੈ ਪਰ ਕੁਝ ਮੁਨਾਫਾਖੋਰ ਇਸ ਤਿਉਹਾਰ ਮੌਕੇ ਮਿਲਾਵਟ ਵਾਲੀਆਂ ਮਿਠਾਈਆਂ ਵੇਚ ਕੇ ਲੋਕਾਂ ਦੀਆਂ ਜ਼ਿੰਦਗੀਆਂ  ਨਾਲ ਖਿਲਵਾੜ ਕਰਦੇ ਹਨ। ਇਸ ਲਈ ਸਰਕਾਰ ਨੂੰ ਇਸ ਸੰਬੰਧ ਵਿੱਚ ਉਚੇਚੇ ਕਦਮ ਚੁੱਕਣੇ ਚਾਹੀਦੇ ਹਨ

ਇਹਨਾਂ ਆਗੂਆਂ ਨੇ ਕਿਹਾ ਕਿ ਲੋਕਾਂ ਨੂੰ ਸ੍ਰੀ ਹਰਗੋਬਿੰਦ ਸਿੰਘ ਜੀ ਵੱਲੋਂ ਦਿੱਤੇ ਮੀਰੀ ਪੀਰੀ ਦੇ ਸਿਧਾਂਤ ਨੂੰ ਲਾਗੂ ਕਰਨਾ ਵਾਲੇ ਪਾਸੇ ਵੀ ਅੱਗੇ ਵਧਣਾ ਹੋਵੇਗਾ। ਉਹਨਾਂ ਚੇਤੇ ਕਰਵਾਇਆ ਕਿ ਹਾਕਮਾਂ ਦੀਆਂ ਗਲਤ ਨੀਤੀਆਂ ਕਾਰਨ ਜਨਤਾ ਦਾ ਵੱਡਾ ਹਿੱਸਾ ਭੁੱਖਾ ਸੌਂਦਾ ਹੈ ਤੇ ਮੁਲਾਜ਼ਮਾਂ ਨੂੰ ਸਮੇਂ ਸਿਰ ਤਨਖਾਹਾਂ ਵੀ ਨੀ ਮਿਲਦੀਆਂ 

ਉਨ੍ਹਾਂ ਕਿਹਾ ਕਿ ਵਿਸ਼ਵਕਰਮਾ ਦਿਵਸ  ਮੌਕੇ ਸਮੂਹ ਕਿਰਤੀਆਂ ਨੂੰ ਕਿਰਤ ਦੀ ਲੁੱਟ ਵਿਰੁੱਧ ਵੀ ਉੱਠਣਾ ਹੋਵੇਗਾ।  ਤਾਂ ਹੀ ਇਸ ਦਿਨ ਨੂੰ ਸੱਚੀ ਭਾਵਨਾ ਨਾਲ ਮਨਾਇਆ ਜਾ ਸਕੇਗਾ। 

ਅੰਤ ਵਿਚ ਉਨ੍ਹਾਂ ਕਿਹਾ  ਜੇ ਅਸੀਂ ਸਾਰੇ ਚਾਹੁੰਦੇ ਹਾਂ ਕਿ ਹਰ ਘਰ ਵਿੱਚ ਚਿਰਾਗ਼ ਬਲਣ, ਹਰ ਘਰ ਖੁਸ਼ੀਆਂ ਹੋਵਣ, ਤਿਉਹਾਰਾਂ ਮੌਕੇ ਕੋਈ ਤਰਸੇ ਨਾ ਤਾਂ ਲਾਜ਼ਮੀ ਹੀ ਇਸ ਲੁਟੇਰੇ ਨਿਜ਼ਾਮ ਦੇ ਖਿਲਾਫ ਚਾਨਣ ਦਾ ਦੀਵਾ ਬਾਲਣਾ ਹੋਵੇਗਾ। ਇਸ ਹੇਨਰੀ ਅਤੇ ਇਸ ਬੇਇਨਸਾਫ਼ੀ ਵਿਰੁੱਧ ਲੜਨ ਲਈ ਵੀ ਦੀਵਾਲੀ ਮੌਕੇ ਅਹਿਦ ਕਰਨਾ ਚਾਹੀਦਾ ਹੈ। 

ਅੰਤ ਵਿੱਚ ਸੰਤਰਾਮ ਉਦਾਸੀ ਦੀਆਂ ਕੁਝ ਸਤਰਾਂ:

ਐਵੇਂ ਕਾਗਜਾਂ ਦੇ ਰਾਵਣਾ ਨੂੰ ਸਾੜ ਕੀ ਬਣੇ ।

ਤੀਰ ਤੀਲਾਂ ਦੇ ਕਮਾਨ ਵਿਚ ਚਾੜ੍ਹ ਕੀ ਬਣੇ ।

ਕੋਈ ਉੱਠੇ ਹਨੂੰਮਾਨ, ਕਰੇ ਯੁੱਧ ਦਾ ਐਲਾਨ ।

ਮੂਹਰੇ ਆਉਣ ਵਾਲੇ ਸਾਗਰਾਂ ਦੀ ਹਿੱਕ ਪਾੜੀਏ ।

ਏਸ ਯੁੱਗ ਦਿਆਂ ਰਾਵਣਾ ਦੀ ਹਿੱਕ ਸਾੜੀਏ ।

Thursday, 9 October 2025

ਬਿਜਲੀ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਵੱਲੋਂ ਤਿੱਖੀਆਂ ਰੋਸ ਰੈਲੀਆਂ ਅਤੇ ਧਰਨੇ

Received From GSM on Thursday 9th October 2025 at 16:28 Regarding PowerCom Dharna

 ਬਿਜਲੀ ਅਦਾਰੇ ਦੀਆਂ ਜਾਇਦਾਦਾਂ ਵੇਚਣ 'ਤੇ ਮੁਲਾਜ਼ਮ ਆਏ ਰੋਹ ਵਿੱਚ

ਪਰਾਲੀ ਸਾੜਨ ਵਾਲਿਆਂ ਖਿਲਾਫ਼ ਕਾਰਵਾਈ ਲਈ ਲਗਾਈਆਂ ਡਿਊਟੀਆਂ ਵਿਰੁੱਧ ਵੀ ਸਫਲ ਐਕਸ਼ਨ  

12 ਅਕਤੂਬਰ ਦੀ ਸਾਂਝੀ ਮੀਟਿੰਗ ਚ ਲਏ ਫੈਸਲੇ ਨੂੰ ਇਨ ਬਿਨ ਲਾਗੂ ਕਰਾਂਗੇ : ਮਹਿਦੂਦਾਂ, ਪਾਲੀ, ਰਾਮਗੜ੍ਹ 


ਲੁਧਿਆਣਾ
9 ਅਕਤੂਬਰ 2025: (GSM//ਮੀਡੀਆ ਲਿੰਕ ਰਵਿੰਦਰ//ਮੁਲਾਜ਼ਮ ਸਕਰੀਨ ਡੈਸਕ)::

ਬਿਜਲੀ ਮੁਲਾਜ਼ਮਾਂ ਨੇ ਅੱਜ ਪੰਜਾਬ ਭਰ 'ਚ ਪਾਵਰਕਾਮ ਅਦਾਰੇ ਦੀਆਂ ਬਹੁਤ ਕੀਮਤੀ ਜਾਇਦਾਦਾਂ ਨੂੰ ਵੇਚਣ ਅਤੇ ਜੋ ਕਈ ਦਹਾਕੇ ਝੋਨੇ ਦੀ ਪਰਾਲੀ ਸਾੜਨ ਵਾਲਿਆਂ ਖ਼ਿਲਾਫ਼ ਕਾਰਵਾਈ ਕਰਨ ਲਈ ਲਗਾਈਆਂ ਡਿਊਟੀਆਂ ਦਾ ਵਿਰੋਧ ਕਰਦਿਆਂ ਰੋਸ ਰੈਲੀਆਂ ਕੀਤੀਆਂ। ਬਿਜਲੀ ਮੁਲਾਜ਼ਮ ਏਕਤਾ ਮੰਚ, ਜੁਆਇੰਟ ਫੋਰਮ, ਏ ਓ ਜੇ ਈ, ਪਾਵਰ ਕਾਮ ਐਂਡ ਟਰਾਂਸਕੋ ਪੈਨਸ਼ਨਜ ਯੂਨੀਅਨ, ਗਰਿੱਡ ਸਬ ਸਟੇਸ਼ਨ ਇੰਪਲਾਈਜ਼ ਯੂਨੀਅਨ ਦੇ ਸਾਂਝੇ ਸਾਡੇ ਉੱਤੇ ਸੁੰਦਰ ਨਗਰ ਡਵੀਜ਼ਨ ਅਤੇ ਪੀ ਐਂਡ ਐਮ ਮਿਲਰਗੰਜ ਡਵੀਜ਼ਨ ਵਿੱਚ ਟੀ ਐਸ ਯੂ ਦੇ ਸੂਬਾ ਜਥੇਬੰਦਕ ਸਕੱਤਰ ਰਘਵੀਰ ਸਿੰਘ ਰਾਮਗੜ੍ਹ, ਪੀ ਐਸ ਈ ਬੀ ਇੰਪਲਾਈਜ ਫੈਡਰੇਸ਼ਨ ਏਟਕ ਦੇ ਸੂਬਾ ਡਿਪਟੀ ਜਨਰਲ ਸਕੱਤਰ ਰਛਪਾਲ ਸਿੰਘ ਪਾਲੀ ਤੇ ਡਵੀਜ਼ਨ ਪ੍ਰਧਾਨ ਗੁਰਪ੍ਰੀਤ ਸਿੰਘ ਮਹਿਦੂਦਾਂ, ਏ ਓ ਜੇ ਈ ਦੇ ਇੰਜ ਜਗਤਾਰ ਸਿੰਘ, ਪਾਵਰ ਕਾਮ ਐਂਡ ਟਰਾਂਸਕੋ ਪੈਨਸ਼ਨਜ ਯੂਨੀਅਨ ਦੇ ਸੂਬਾ ਮੀਤ ਪ੍ਰਧਾਨ ਕੇਵਲ ਸਿੰਘ ਬਨਵੈਤ ਵੱਲੋਂ ਗੇਟ ਰੈਲੀ ਕਰਦਿਆਂ ਦੋਵਾਂ ਫੈਸਲਿਆਂ ਨੂੰ ਵਾਪਸ ਲੈਣ ਦੋ ਮੰਗ ਕੀਤੀ। 

ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇਕਰ ਅਦਾਰੇ ਦੀਆਂ ਬੇਸਕੀਮਤੀ ਜਾਇਦਾਦਾਂ ਵੇਚਣ ਦੀ ਮਾੜੀ ਨੀਅਤ ਦਾ ਤਿਆਗ ਨਾ ਕੀਤਾ ਅਤੇ ਪਰਾਲੀ ਸਾੜਨ ਵਾਲਿਆਂ ਖ਼ਿਲਾਫ਼ ਕਾਰਵਾਈ ਕਰਨ ਲਈ ਲਗਾਈਆਂ ਡਿਊਟੀਆਂ ਦੇ ਫੈਸਲੇ ਨੂੰ ਰੱਦ ਨਾ ਕੀਤਾ ਤਾਂ ਅਸੀਂ ਤਿੱਖਾ ਸੰਘਰਸ਼ ਵਿੱਢਣ ਤੋਂ ਗੁਰੇਜ਼ ਨਹੀਂ ਕਰਾਂਗੇ। 

ਇਸਦੇ ਨਾਲ ਹੀ ਉਨ੍ਹਾਂ ਇਹ ਵੀ ਚੇਤਾਵਨੀ ਦਿੱਤੀ ਕਿ 12 ਅਕਤੂਬਰ ਦੀ ਸਾਂਝੀ ਮੀਟਿੰਗ ਵਿੱਚ ਆਗੂਆਂ ਵੱਲੋਂ ਜੋ ਵੀ ਪ੍ਰੋਗਰਾਮ ਦਿੱਤਾ ਗਿਆ ਉਸਨੂੰ ਇਨ ਬਿਨ ਲਾਗੂ ਕੀਤਾ ਜਾਵੇਗਾ। ਇਸ ਮੌਕੇ ਦੀਪਕ ਕੁਮਾਰ, ਮੇਵਾ ਸਿੰਘ, ਕਰਤਾਰ ਸਿੰਘ, ਪ੍ਰਕਾਸ਼ ਚੰਦ, ਅਮਰਜੀਤ ਸਿੰਘ, ਧਰਮਿੰਦਰ, ਹਰਪਾਲ ਸਿੰਘ, ਰਾਮਦਾਸ, ਜਸਵਿੰਦਰ ਸਿੰਘ, ਗੌਰਵ ਕੁਮਾਰ, ਧਰਮਪਾਲ, ਕਮਲਜੀਤ ਸਿੰਘ, ਕਮਲਦੀਪ ਸਿੰਘ, ਹਿਰਦੇ ਰਾਮ, ਹਰਫੂਲ ਮਸੀਹ, ਨਰਿੰਦਰ ਸਿੰਘ, ਰਾਕੇਸ਼ ਕੁਮਾਰ ਅਤੇ ਹੋਰ ਹਾਜ਼ਰ ਸਨ। 

ਇਹਨਾਂ ਰੈਲੀਆਂ ਤੋਂ ਬਾਅਦ ਸਰਕਾਰ ਆਪਣੀਆਂ ਨੀਤੀਆਂ ਅਤੇ ਨੀਅਤਾਂ ਵਿੱਚ ਕੁਝ ਤਬਦੀਲੀ ਕਰਦੀ ਹੈ ਜਾਂ ਨਹੀਂ ਇਸਦਾ ਪਤਾ ਬਹੁਤ ਛੇਤੀ ਲੱਗ ਜਾਵੇਗਾ। ਮੁਲਾਜ਼ਮ ਪੂਰੀ ਤਰ੍ਹਾਂ ਵੱਡੇ ਐਕਸ਼ਨ ਲਈ ਵੀ ਤਿਆਰ ਹਨ। 

Wednesday, 8 October 2025

ਪੀਏਯੂ ਦੇ ਰਿਟਾਇਰੀਜ ਵੱਲੋਂ ਮੰਗਾਂ ਨੂੰ ਲੈ ਕੇ 9 ਅਕਤੂਬਰ ਨੂੰ ਧਰਨਾ

 Received From MSB on Tuesday 7th October 2025 at 11:07 AM Regarding PAU Dharna

ਪੈਨਸ਼ਨਰਾਂ ਵਿੱਚ ਭਾਰੀ ਰੋਸ ਅਤੇ ਨਿਰਾਸ਼ਾ


ਲੁਧਿਆਣਾ: 8 ਅਕਤੂਬਰ 2025: (MSB//ਮੁਲਾਜ਼ਮ ਸਕਰੀਨ ਡੈਸਕ) :: 

ਅੱਜ ਪੀਏਯੂ ਪੈਨਸ਼ਨਰਜ਼ ਅਤੇ ਰਿਟਾਇਰੀਜ ਵੈਲਫੇਅਰ ਐਸੋਸੀਏਸ਼ਨ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਕਾਰਜਕਾਰਨੀ ਦੀ ਇੱਕ ਹੰਗਾਮੀ ਮੀਟਿੰਗ ਕੀਤੀ, ਜਿਸ ਵਿੱਚ 9 ਅਕਤੂਬਰ ਨੂੰ  ਧਰਨਾ ਲਗਾਉਣ ਦਾ ਫੈਸਲਾ ਕੀਤਾ ਗਿਆ। ਪ੍ਰੈਸ ਦੇ ਨਾਂ ਇੱਕ ਨੋਟ ਜਾਰੀ ਕਰਦੇ ਹੋਏ ਐਸੋਸੀਏਸ਼ਨ ਦੇ ਪ੍ਰਧਾਨ ਡੀ ਪੀ ਮੌੜ ਨੇ ਕਿਹਾ ਕਿ ਪੰਜਾਬ ਸਰਕਾਰ ਪਿਛਲੇ ਦੋ ਮਹੀਨਿਆਂ ਤੋਂ ਪੈਨਸ਼ਨ ਅਤੇ ਤਨਖਾਹਾਂ ਲਈ ਕੋਈ ਵੀ ਪੈਸਾ ਦੇਣ ਤੋਂ ਇਨਕਾਰੀ ਹੈ ਅਤੇ ਤੀਜੇ ਮਹੀਨੇ ਅਕਤੂਬਰ ਵਿੱਚ ਵੀ ਇਸ ਦੀ ਕੋਈ ਉਮੀਦ ਨਹੀਂ। ਉਹਨਾਂ ਕਿਹਾ ਕਿ ਪੈਨਸ਼ਨ ਅਤੇ ਤਨਖਾਹਾਂ ਤੋਂ ਇਲਾਵਾ ਪੈਨਸ਼ਨਰ ਦਾ 1.1.2016 ਤੋਂ ਸੋਧੇ ਹੋਏ ਸਕੇਲਾਂ ਦਾ ਏਰੀਅਰ, ਵਧੇ ਹੋਏ ਸਕੇਲਾਂ ਵਿੱਚ ਲੀਵ ਇਨਕੈਸ਼ਮੈਂਟ ਦਾ ਏਰੀਅਰ ਜੋ ਕਿ ਪੰਜਾਬ ਸਰਕਾਰ ਅਤੇ ਦੂਸਰੇ ਅਦਾਰਿਆਂ ਵਿੱਚ ਪਹਿਲੀ ਅਪ੍ਰੈਲ 2025 ਤੋਂ ਲਗਾਤਾਰ ਮਿਲ ਰਿਹਾ ਹੈ, ਵੀ ਪੀਏਯੂ ਦੇ ਪੈਨਸ਼ਨਰ ਨੂੰ ਪੰਜਾਬ ਸਰਕਾਰ ਦੇਣ ਤੋਂ ਇਨਕਾਰੀ ਹੈ ਅਤੇ ਇਸ ਲਈ ਪੀਏਯੂ ਨੂੰ ਕੋਈ ਫੰਡ ਜਾਰੀ ਨਹੀਂ ਕੀਤੇ ਜਾ ਰਹੇ । ਉਹਨਾਂ ਅੱਗੇ ਕਿਹਾ ਕਿ ਪੀਏਯੂ ਪੈਨਸ਼ਨਰ ਦੇ ਮੈਡੀਕਲ ਬਿੱਲ ਵੀ ਮਹੀਨਿਆਂ ਅਤੇ ਸਾਲਾਂ ਬੱਧੀ ਲਟਕ ਰਹੇ ਹਨ , ਜੁਲਾਈ 2025 ਵਿੱਚ ਮਿਲਣ ਵਾਲਾ ਐਲ.ਟੀ.ਏ ਵੀ ਨਹੀਂ ਦਿੱਤਾ ਗਿਆ, ਜਿਸ ਕਰਕੇ ਪੈਨਸ਼ਨਰਾਂ ਵਿੱਚ ਭਾਰੀ ਰੋਸ ਅਤੇ ਨਿਰਾਸ਼ਾ ਹੈ। ਇਸ ਲਈ ਐਸੋਸੀਏਸ਼ਨ 9 ਅਕਤੂਬਰ ਨੂੰ ਪੀਏਯੂ ਦੇ ਥਾਪਰ ਹਾਲ ਦੇ ਸਾਹਮਣੇ ਵਿਸ਼ਾਲ ਧਰਨਾ ਲਾ ਕੇ ਆਪਣੇ ਗੁੱਸੇ ਦਾ ਇਜ਼ਹਾਰ ਕਰੇਗੀ। ਮੀਟਿੰਗ ਦੌਰਾਨ ਕਾਮਰੇਡ ਜੋਗਿੰਦਰ ਰਾਮ, ਜੈਪਾਲ, ਸਤਨਾਮ ਸਿੰਘ, ਗੁਲਸ਼ਨ ਰਾਏ, ਨਿਤਿਆ ਨੰਦ, ਪ੍ਰੀਤਮ ਸਿੰਘ,ਰਾਮ ਨਾਥ ਅਤੇ ਇਕਬਾਲ ਸਿੰਘ ਨੇ ਆਪਣੇ ਵਿਚਾਰ ਰੱਖੇ। ਹੋਰਨਾਂ ਤੋਂ ਇਲਾਵਾ ਮੀਟਿੰਗ ਵਿੱਚ ਰਾਜਪਾਲ ਵਰਮਾ, ਸੁਖਪਾਲ ਸਿੰਘ, ਪਾਲ ਰਾਮ, ਭਰਪੂਰ ਸਿੰਘ, ਸ਼ਿਵ ਕੁਮਾਰ, ਅਮਰੀਕ ਸਿੰਘ, ਰਾਧੇ ਸ਼ਾਮ, ਦੇਸ ਰਾਜ, ਅਨੂਪ ਕੁਮਾਰ ਅਤੇ ਧਰਮ ਸਿੰਘ ਆਦਿ ਵੀ ਹਾਜ਼ਰ ਸਨ।

Monday, 15 September 2025

ਪੰਜਾਬ ਦੇ ਬਸ ਸਟੈਂਡ ਫਿਰ ਬੰਦ ਰਹੇ-ਹੜਤਾਲ,ਧਰਨੇ ਅਤੇ ਰੋਸ ਵਖਾਵੇ ਰਹੇ

Received From Shamsher Singh on Monday 15th September 2025 at 17:01 Regarding Bus Strike 

ਕੀ ਇਹ ਸਰਕਾਰ ਵੀ ਨਿੱਜੀਕਰਨ ਵੱਲ ਝੁਕਦੀ ਜਾ ਰਹੀ ਹੈ?


ਲੁਧਿਆਣਾ
:15 ਸਤੰਬਰ 2025: (ਮੀਡੀਆ ਲਿੰਕ ਰਵਿੰਦਰ//ਮੁਲਾਜ਼ਮ ਸਕਰੀਨ ਡੈਸਕ)::
ਪੰਜਾਬ ਰੋਡਵੇਜ, ਪਨਬੱਸ ਅਤੇ ਪੀ ਆਰ ਟੀ ਸੀ ਕੰਟਰੈਕਟ ਵਰਕਰਜ਼ ਯੂਨੀਅਨ ਪੰਜਾਬ ਰਜਿ:25/11 ਵੱਲੋਂ ਪੂਰੇ ਪੰਜਾਬ ਅੰਦਰ ਪੰਜਾਬ ਸਰਕਾਰ ਅਤੇ ਟਰਾਂਸਪੋਰਟ ਵਿਭਾਗ ਦੇ ਵਿਰੁੱਧ ਬੱਸ ਸਟੈਂਡ ਬੰਦ ਕਰਕੇ ਧਰਨੇ-ਰੋਸ ਪ੍ਰਦਰਸ਼ਨ ਕੀਤੇ ਗਏ। ਸੂਬਾ ਜਨਰਲ ਸਕੱਤਰ ਸ਼ਮਸ਼ੇਰ ਸਿੰਘ ਢਿੱਲੋਂ ਨੇ ਦੱਸਿਆ ਕਿ ਜਦੋ ਦੀ ਪੰਜਾਬ ਵਿੱਚ ਆਮ ਆਦਮੀ ਸਰਕਾਰ ਆਈ ਹੈ ਟਰਾਂਸਪੋਰਟ ਵਿਭਾਗ ਦਾ ਬਹੁਤ ਹੀ ਮਾੜਾ ਹਾਲ ਹੋਇਆ ਪਿਆ ਹੈ। ਸਾਡੀ ਜਥੇਬੰਦੀ ਲਗਾਤਾਰ ਆਪਣੀਆ ਜਾਇਜ਼ ਮੰਗਾਂ  ਮੰਨਵਾਉਣ ਲਈ ਸੰਘਰਸ਼ ਕਰ ਰਹੀ ਹੈ ਪਰ ਮੰਗਾ ਮੰਨੇ ਜਾਣਾ ਤਾਂ ਦੂਰ ਦੀ ਗੱਲ ਹੈ 2022 ਤੋਂ ਲਗਾਤਾਰ ਕੱਚੇ ਮੁਲਾਜ਼ਮਾ ਦੀਆ ਨਿਗੂਣੀਆ ਤਨਖਾਹਾ ਦੇਣ ਤੋ ਹਰ ਮਹੀਨੇ ਤੰਗ ਪ੍ਰੇਸ਼ਾਨ ਕੀਤਾ ਜਾਂਦਾ ਹੈ। ਟਰਾਂਸਪੋਰਟ ਮੰਤਰੀ ਪੰਜਾਬ ਤੱਕ ਗੱਲਬਾਤ ਕਰਨ ਦੇ ਬਾਵਜੂਦ ਵੀ ਕੋਈ ਹੱਲ ਨਹੀਂ ਹੁੰਦਾ। ਅਜਿਹਾ ਲੱਗ ਰਿਹਾ ਹੈ ਕਿ ਪ੍ਰਬੰਧਕੀ ਅਫ਼ਸਰਸ਼ਾਹੀ ਜਾਣਬੁੱਝ ਕੇ ਹਰ ਮਹੀਨੇ ਤਨਖਾਹਾਂ ਦੇ ਮੁਦਿਆਂ ਤੇ ਹੜਤਾਲ ਜਾ ਬੰਦ ਕਰਵਾਉਣਾ ਚਾਹੁੰਦੇ ਹਨ। 

ਸਰਕਾਰ ਜਾਣਬੁਝ ਕੇ ਵਰਕਰਾਂ ਵਿਚ ਨਿਰਾਸ਼ਾ ਪੈਦਾ ਕਰ ਰਹੀ ਹੈ। ਸਹੀ ਸਮੇਂ ਤੇ ਕੰਮ ਨਾ ਕਰਕੇ ਹਰ ਮਹੀਨੇ ਹੀ ਅਧਿਕਾਰੀਆਂ ਵਲੋਂ ਅਜਿਹੀ ਸਥਿਤੀ ਪੈਦਾ ਕੀਤੀ ਜਾਂਦੀ ਹੈ ਅੱਜ 15 ਤਰੀਕ ਹੋਣ ਤੇ ਵੀ ਪੰਨਬਸ ਦੇ ਕੱਚੇ ਮੁਲਾਜਮਾਂ ਦੀ ਤਨਖਾਹ ਨਹੀਂ ਪਾਈ ਗਈ। ਦੂਸਰੇ ਪਾਸੇ ਸਰਕਾਰ ਨੇ ਫ੍ਰੀ ਸਫ਼ਰ ਸਹੂਲਤ ਦਾ ਬਹੁਤ ਜਿਆਦਾ ਵਾਧੂ ਬੋਝ ਬੱਸਾਂ ਘੱਟ ਹੋਣ ਕਾਰਨ ਮੁਲਾਜ਼ਮਾ ਤੇ ਪਾਇਆ ਹੋਇਆ ਹੈ ਇੱਕ ਇੱਕ ਬੱਸ ਵਿੱਚ 100+ ਸਵਾਰੀਆਂ ਹੋਣ ਦੇ ਬਾਵਜੂਦ ਵੀ ਮੁਲਾਜ਼ਮਾਂ ਨੂੰ ਤੰਗ ਪ੍ਰੇਸ਼ਾਨ ਕੀਤਾ ਜਾਂਦਾ ਹੈ। 

ਉੱਪਰੋਂ ਸਰਕਾਰ ਫ੍ਰੀ ਸਫ਼ਰ ਸਹੂਲਤ ਦੇ ਪੈਸੇ ਵਿਭਾਗ ਨੂੰ ਨਹੀ ਦੇ ਰਹੀ ਅਤੇ ਵਿਭਾਗ ਮਾੜੇ ਹਲਾਤ ਵਿਚ ਦੀ ਗੁਜ਼ਰ ਰਿਹਾ ਹੈ। ਟਾਇਰ ਸਪੇਅਰ ਪਾਰਟ ਸਮੇਤ ਬਹੁਤ ਘਾਟਾਂ ਹਨ ਜਿਸ ਕਾਰਨ ਵਿਭਾਗ ਦਾ ਨੁਕਸਾਨ ਹੋ ਰਿਹਾ ਹੈ ਅਤੇ ਸਰਕਾਰ ਕਿਲੋ ਮੀਟਰ ਸਕੀਮ ਦੇ ਟੈਂਡਰ ਰੱਦ ਨਾ ਕਰਕੇ ਬਾਰ ਬਾਰ ਅੱਗੇ ਲੈਜਾ ਕੇ ਵਿਭਾਗ ਵਿਚ ਆਪਣੀ ਬੱਸਾਂ ਪਾਉਣ ਦੀ ਥਾਂ ਨਿੱਜੀ ਕਾਰਪੋਰੇਟ ਘਰਾਣਿਆਂ ਦੀ ਪ੍ਰਾਈਵੇਟ ਬੱਸਾਂ ਪਾਉਣ ਚਾਹੁੰਦੀ ਹੈ ਜਦੋਂ ਕਿ ਇਹਨਾਂ ਬੱਸਾਂ ਦੀਆਂ ਘਾਟਾਂ ਅਸੀ ਬਾਰ ਬਾਰ ਮੈਨੇਜਮੈਂਟ ਅੱਗੇ ਰੱਖ ਚੁਕੇ ਹਾਂ। ਵਿਭਾਗ ਦੇ ਅਧਿਕਾਰੀਆਂ ਵਲੋਂ ਜਾਣਬੁੱਝ ਕੇ ਵਰਕਰਾਂ ਨੂੰ ਤੰਗ ਪ੍ਰੇਸ਼ਾਨ ਕੀਤਾ ਜਾਂਦਾ ਹੈ ਅਤੇ ਅਜਿਹੇ ਹਲਾਤ ਪੈਦਾ ਕੀਤੇ ਜਾਂਦੇ ਹਨ ਕਿ ਹੜਤਾਲ, ਧਰਨੇ ਅਤੇ ਪ੍ਰਦਰਸ਼ਨ ਕਰਨ ਲਈ ਮੁਲਾਜ਼ਮ ਮਜਬੂਰ ਹੋਣ।  ਇਹ ਕੰਮ ਤਕਰੀਬਨ ਹਰ ਮਹੀਨੇ ਦਾ ਹੋ ਗਿਆ ਹੈ। ਬਲਕਿ ਇਹੀ ਨਹੀਂ ਜਿਹੜੀਆਂ ਮੰਗਾ ਮੰਨੀਆਂ ਜਾਂ ਚੁੱਕੀਆਂ ਹਨ ਉਹਨਾਂ ਨੂੰ ਵੀ ਜਾਣਬੁੱਝ ਕੇ ਲਾਗੂ ਨਹੀਂ ਕੀਤਾ  ਜਾ ਰਿਹਾ। ਇਸ ਤੋਂ ਸਾਬਿਤ  ਹੁੰਦਾ ਹੈ ਕਿ ਅਧਿਕਾਰੀਆਂ ਵਲੋਂ ਅਜਿਹਾ ਕਰਕੇ ਵਿਭਾਗ ਅਤੇ ਮੁਲਾਜ਼ਮਾਂ ਦਾ ਵੱਡੇ ਪੱਧਰ ਤੇ ਨੁਕਸਾਨ ਕੀਤਾ ਜਾ ਰਿਹਾ ਹੈ। 

ਸੂਬਾ ਜੁਆਇੰਟ ਸਕੱਤਰ ਜਗਤਾਰ ਸਿੰਘ ਨੇ ਇਸ ਸੰਬੰਧੀ ਕਿਹਾ ਕਿ ਜਿਹੜੀ ਸਰਕਾਰ ਠੇਕੇਦਾਰਾਂ ਅਤੇ ਵਿਚੋਲੀਆ ਨੂੰ ਬਾਹਰ ਕੱਢਣ ਦੀ ਗੱਲ ਕਰਦੀ ਸੀ ਉਹ ਸਰਕਾਰ ਖੁਦ ਟਰਾਂਸਪੋਰਟ ਵਿਭਾਗ ਵਿੱਚ ਵੱਡੇ ਪੱਧਰ ਤੇ ਆਊਟਸੋਰਸਿੰਗ ਸਟਾਫ ਭਰਤੀ ਕਰਕੇ ਨਵੇ ਤੋ ਨਵਾਂ ਠੇਕੇਦਾਰ ਲੈਕੇ ਆ ਰਹੀ ਹੈ। ਇਸ ਤਰ੍ਹਾਂ ਵਰਕਰਾਂ ਦੀ ਰੱਜ ਕੇ ਲੁੱਟ ਕਰਵਾ ਰਹੀ ਹੈ। ਪੁਰਾਣੇ ਠੇਕੇਦਾਰ ਕਰੋੜਾ ਦੀ ਲੁੱਟ ਕਰਕੇ ਵਰਕਰਾਂ ਦੀਆ ਸਕਿਉਰਟੀਆਂ,  ਈ ਪੀ ਐਫ,ਈ ਐੱਸ ਆਈ, ਵੈਲਫੇਅਰ ਫੰਡ ਜਾ ਫਿਰ ਤਨਖਾਹ ਵਿੱਚ ਨਜਾਇਜ ਕਟੋਤੀਆਂ ਕਰਕੇ ਭੱਜ ਜਾਂਦੇ ਹਨ। ਇਸ ਸਿਲਸਿਲੇ ਦੀ ਰੋਕਥਾ, ਲਈ ਵਿਭਾਗ ਵਲੋਂ ਕੋਈ ਵੀ ਕਾਰਵਾਈ ਅਮਲ ਵਿੱਚ ਨਹੀਂ ਲਿਆਂਦੀ ਜਾਂਦੀ ਅਤੇ ਪੰਜਾਬ ਸਰਕਾਰ ਅਤੇ ਟਰਾਂਸਪੋਰਟ ਵਿਭਾਗ ਦੇ ਸਿਰ ਤੇ ਜੂੰ ਤੱਕ ਨਹੀ ਸਰਕਦੀ। ਮੁਲਾਜ਼ਮਾਂ ਦੇ ਪੈਸੇ ਵਾਪਸ ਦੁਵਾਉਣਾ ਜਾਂ ਠੇਕੇਦਾਰ ਤੇ ਕਾਰਵਾਈ ਕਰਨ ਦੀਆਂ ਸ਼ਿਕਾਇਤਾਂ ਮੁੱਖ ਮੰਤਰੀ ਪੰਜਾਬ ਤੱਕ ਯੂਨੀਅਨ ਵਲੋਂ ਕੀਤੀਆਂ ਗਈਆਂ ਹਨ। 

ਇਸ ਸੰਬੰਧੀ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ ਹੁਣ ਯੂਨੀਅਨ ਵਲੋਂ ਸਰਕਾਰ ਅਤੇ ਟਰਾਂਸਪੋਰਟ ਵਿਭਾਗ ਨੂੰ ਚਿਤਾਵਨੀ ਦਿੰਦੇ ਹੋਏ ਕਿਹਾ ਗਿਆ ਕਿ ਤਨਖਾਹਾਂ ਦਾ ਪੱਕੇ ਤੌਰ ਤੇ ਸਾਰਥਿਕ ਹੱਲ ਕੱਢਿਆ ਜਾਵੇ ਅਤੇ ਨਾਲ ਹੀ ਮੰਨੀਆਂ ਮੰਗਾਂ ਤਰੁੰਤ ਲਾਗੂ ਕੀਤੀਆਂ ਜਾਣ।  ਇਸਦੇ ਨਾਲ ਹੀ ਜਾਇਜ਼ ਮੰਗਾਂ ਦਾ ਤੁਰੰਤ ਹੱਲ ਕੱਢਿਆ ਜਾਵੇ ਅਤੇ ਵਾਰ ਵਾਰ ਵਿਭਾਗਾਂ ਵਿੱਚ ਪ੍ਰਾਈਵੇਟ ਕਿਲੋਮੀਟਰ ਸਕੀਮ ਬੱਸਾ ਰਾਹੀ ਨਿੱਜੀ ਕਰਨ ਕਰਨ ਦੇ ਟੈਡਰ ਲਿਆਂਦੇ ਜਾ ਰਹੇ ਹਨ ਜਿਸ ਦਾ ਜਥੇਬੰਦੀ ਸਖਤ ਵਿਰੋਧ ਕਰਦੀ ਹੈ। ਕਿਉਕਿ ਜਥੇਬੰਦੀ ਵੱਲੋ ਵਾਰ ਵਾਰ ਕਿਲੋਮੀਟਰ ਸਕੀਮ ਬੱਸਾ ਪਾਉਣ ਨਾਲ ਹੋਣ ਵਾਲੇ ਨੁਕਸਾਨ ਦੇ ਤਰਕ ਦਿੱਤੇ ਜਾ ਰਹੇ ਹਨ ਜਿਸ ਦੇ ਅਧਾਰ ਤੇ ਤਰੁੰਤ ਟੈਡਰ ਰੱਦ ਕਰਨਾ ਬਣਦਾ ਹੈ ਪ੍ਰੰਤੂ ਕਾਰਪੋਰੇਟ ਘਰਾਣਿਆਂ ਨਾਲ ਸਾਝ ਗੂੜੀ ਕਰਨ ਅਤੇ ਕਰੱਪਸ਼ਣ ਨੂੰ ਉਤਸ਼ਾਹਿਤ ਕਰਨ ਲਈ ਕਿਲੋਮੀਟਰ ਬੱਸਾਂ ਪਾਉਣ ਲਈ ਮੈਨੇਜਮੈਂਟ ਅਤੇ ਸਰਕਾਰ ਪੱਬਾ ਭਾਰ ਹੈ ਜਿਸ ਦਾ ਜਥੇਬੰਦੀ ਸਖਤ ਵਿਰੋਧ ਕਰਦੀ ਹੈ। 

ਜੇਕਰ ਜਥੇਬੰਦੀ ਦੀਆਂ ਮੰਨੀਆਂ ਮੰਗਾ ਲਾਗੂ ਨਾ ਕੀਤੀਆਂ ਅਤੇ ਕਿਲੋਮੀਟਰ ਸਕੀਮ ਬੱਸਾ ਦਾ ਟੈਡਰ ਰੱਦ ਨਾ ਕੀਤਾ ਅਤੇ ਠੇਕੇਦਾਰਾਂ  ਵਿਚੋਲਿਆਂ ਦੀ ਪ੍ਰਥਾ ਨੂੰ ਖਤਮ ਕਰਕੇ ਸਰਵਿਸ ਰੂਲਾਂ ਸਮੇਤ ਵਿਭਾਗਾਂ ਵਿੱਚ ਮੁਲਾਜ਼ਮਾਂ ਨੂੰ ਪੱਕਾ ਨਾ ਕੀਤਾ ਤਾ ਜਥੇਬੰਦੀ ਵੱਲੋ ਤਿਖੇ ਸੰਘਰਸ਼ ਕਰਨ ਲਈ ਮਜਬੂਰ ਹੋਵਾਂਗੇ ਜਿਸ ਦੀ ਪੂਰੀ ਜਿਮੇਵਾਰੀ ਪੰਜਾਬ ਸਰਕਾਰ ਦੀ ਹੋਵੇਗੀ। 

ਇਸ ਮੋਕੇ ਡਿਪੂ ਪ੍ਰਧਾਨ ਜਤਿੰਦਰ ਸਿੰਘ, ਸੰਦੀਪ ਸਿੰਘ ਅਤੇ ਮੀਤ ਪ੍ਰਧਾਨ ਸੁਖਵਿੰਦਰ ਸਿੰਘ ਬੱਬੂ, ਬਲਕਾਰ ਸਿੰਘ, ਸਹਾਇਕ ਸਕੱਤਰ ਸਤਿਗੁਰੂ ਸਿੰਘ, ਗੁਰਵਿੰਦਰ ਸਿੰਘ, ਸਹਾਇਕ ਕੈਸ਼ੀਅਰ ਅਮਰੀਕ ਸਿੰਘ ਸਮੇਤ ਆਦਿ ਆਗੂ ਹਾਜ਼ਰ ਰਹੇ। ਹੁਣ ਦੇਖਣਾ ਹੈ ਕਿ ਸਰਕਾਰ ਅਤੇ ਸਰਕਾਰੀ ਟਰਾਂਸਪੋਰਟ ਦੇ ਦਰਮਿਆਨ ਕੋਈ ਲੋਕ ਪੱਖੀ ਫੈਸਲਾ ਸਿਰੇ ਚੜ੍ਹਦਾ ਹੈ ਜਾਂ  ਨਹੀਂ?

ਸਾਥੀ ਸੁਖਵਿੰਦਰ ਸਿੰਘ ਲੀਲ ਦਾ ਸਨਮਾਨ ਸਮਾਰੋਹ 25 ਨੂੰ

From Satish Sachdeva on Monday 22nd December 2025 at 17:58 Regarding Sukhwinder Leel   ਡੈਮੋਕ੍ਰੈਟਿਕ ਮੁਲਾਜ਼ਮ ਫੈਡਰੇਸ਼ਨ ਵਲੋਂ ਕੀਤਾ ਜਾਣਾ ਹੈ ਵਿਸ਼ੇਸ਼ ...