Sunday, 31 May 2020

ਬਿਜਲੀ ਬਿੱਲ 2020 ਨੂੰ ਲੈ ਕੇ ਹੋਣਗੇ ਤਿੱਖੇ ਵਿਰੋਧ

ਪੀ ਐਸ ਈ ਬੀ ਇੰਪਲਾਈਜ਼ ਫੈਡਰੇਸ਼ਨ (ਏਟਕ) ਵੱਲੋਂ ਹੋਵੇਗਾ ਤਿੱਖੀ ਸੰਘਰਸ਼ 
ਲੁਧਿਆਣਾ: 31 ਮਈ 2020: (ਐਮ ਐਸ ਭਾਟੀਆ//ਕਾਰਤਿਕਾ ਸਿੰਘ//ਮੁਲਾਜ਼ਮ ਸਕਰੀਨ)::
ਪਬਲਿਕ ਸੈਕਟਰਾਂ ਦਾ ਮੁਕੰਮਲ ਨਿਜੀਕਰਨ ਅਸਲ ਵਿੱਚ ਬੀਜੇਪੀ ਆਗੂਆਂ ਦੇ ਪੁਰਾਣੇ ਏਜੰਡਿਆਂ ਵਿੱਚ ਵੀ ਸ਼ਾਮਲ ਸੀ ਅਤੇ ਅੱਜ ਵੀ ਸ਼ਾਮਲ ਹੈ। ਅਸੀਂ ਇਹਨਾਂ ਲੋਕ ਵਿਰੋਧੀ ਸਾਜ਼ਿਸ਼ਾਂ ਨੂੰ ਨਾਕਾਮ ਬਣਾਉਣ ਲਈ ਉਦੋਂ ਵੀ ਡਟਵੀਂ ਲੜਾਈ ਲੜੀ ਸੀ ਅਤੇ ਹੁਣ ਵੀ ਲੜਾਂਗੇ। ਇਹ ਗੱਲ ਪੀ ਐਸ ਈ ਬੀ ਇੰਪਲਾਈਜ਼ ਫੈਡਰੇਸ਼ਨ (ਏਟਕ) ਦੇ ਸਾਬਕਾ ਸੂਬਾ ਮੀਤ ਪ੍ਰਧਾਨ-ਸਾਥੀ ਕੇਵਲ ਸਿੰਘ ਬਨਵੈਤ, ਸਾਥੀ ਚਮਕੌਰ ਸਿੰਘ ਅਤੇ  ਸੂਬਾ ਸਕੱਤਰ ਸਾਥੀ ਰਛਪਾਲ ਸਿੰਘ ਪਾਲੀ ਨੇ ਇੱਕ ਸਾਂਝੇ ਪ੍ਰੈਸ ਬਿਆਨ ਰਾਹੀਂ ਮੀਡੀਆ ਨਾਲ ਗੱਲਬਾਤ ਕਰਦਿਆਂ ਕਹੀ।  
ਇਹਨਾਂ ਆਗੂਆਂ ਨੇ ਕਿਹਾ ਕਿ ਬਿਜਲੀ ਕਾਮੇ ਕੇਂਦਰੀ ਸੋਧ ਬਿਲ-2020 ਦਾ ਡਟਵਾਂ ਵਿਰੋਧ ਕਰਨਗੇ। ਇਸ ਬਿੱਲ ਨੂੰ ਪਬਲਿਕ ਸੈਕਟਰ 'ਤੇ ਬਹੁਤ ਹੀ ਪੁਰਾਣਾ ਹਮਲਾ ਦੱਸਦਿਆਂ ਇਹਨਾਂ ਆਗੂਆਂ ਨੇ ਦਸਿਆ ਕਿ ਪਹਿਲਾਂ ਵਾਜਪਾਈ ਸਰਕਾਰ ਸਮੇਂ ਵੀ ਬਿਜਲੀ ਐਕਟ-2003 ਪਾਸ ਕੀਤਾ ਗਿਆ ਸੀ। ਉਸੇ ਅਧੀਨ ਹੀ ਬਿਜਲੀ ਬੋਰਡਾਂ ਨੂੰ ਤੋੜਿਆ ਗਿਆ, ਕਾਰਪੋਰੇਸ਼ਨਾਂ ਬਣਾਈਆਂ ਗਈਆਂ ਤੇ ਹੁਣ ਕਾਰਪੋਰੇਸ਼ਨਾਂ ਨੂੰ ਵੀ ਤੋੜ ਕੇ ਨਰਿੰਦਰ ਮੋਦੀ ਦੀ ਅਗਵਾਈ ਹੇਠਲੀ ਭਾਜਪਾ ਸਰਕਾਰ ਬਿਜਲੀ  ਦਾ ਮੁਕੰਮਲ ਨਿਜੀਕਰਨ ਕਰਨ ਤੇ ਤੁਲੀ ਹੋਈ ਹੈ। ਇਹਨਾਂ ਆਗੂਆਂ ਨੇ ਸੁਚੇਤ ਕੀਤਾ ਕਿ ਜੇ ਇਹ ਕਾਨੂੰਨ ਲਾਗੂ ਕਰਨ ਦੀ ਸਾਜ਼ਿਸ਼ ਕਾਮਯਾਬ ਹੁੰਦੀ ਹੈ ਤਾਂ ਇਸਦਾ ਮਾਰੂ ਪ੍ਰਭਾਵ ਸਭਨਾਂ ਤੇ ਪੈਣਾ ਹੈ। ਪਾਵਰ ਸੈਕਟਰ ਮਜ਼ਦੂਰਾਂ, ਕਿਸਾਨਾਂ ਅਤੇ ਆਮ ਲੋਕਾਂ ਨੂੰ ਬੁਰੀ ਤਰਾਂ ਪ੍ਰਭਾਵਿਤ ਕਰੇਗਾ। ਇਸ ਸਾਜ਼ਿਸ਼ ਅਧੀਨ ਹੀ ਰਾਜਾਂ ਦੇ ਹੱਕਾਂ ਤੇ ਵੀ ਡਾਕਾ ਮਾਰਿਆ ਜਾ ਰਿਹਾ ਹੈ। ਇਸ ਲਈ ਇਸ ਲੋਕ ਵਿਰੋਧੀ ਕਦਮ ਦਾ ਏਟਕ ਨਾਲ ਸਬੰਧਤ ਸਾਡੀ ਇਹ ਫੈਡਰੇਸ਼ਨ ਡਟਵਾਂ ਵਿਰੋਧ ਕਰਦੀ ਹੈ। ਇਸ ਮੁੱਦੇ ਨੂੰ ਲੈ ਕੇ ਆਉਣ ਵਾਲੇ ਦਿਨਾਂ ਵਿੱਚ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਦੇ ਖਿਲਾਫ ਡਟਵੀਂ ਲੜਾਈ ਲੜੀ ਜਾਵੇਗੀ। 
ਆਪਣੇ ਇਸ ਸੰਘਰਸ਼ ਰਾਹੀਂ ਅਸੀਂ ਆਮ ਲੋਕਾਂ ਤੱਕ ਇਹ ਗੱਲ ਲੈ ਕੇ ਜਾਵਾਂਗੇ ਕਿ ਕਿਸਤਰਾਂ ਪੀ ਐਸ ਪੀ ਸੀ ਐਲ ਨੂੰ ਤੋੜ ਕੇ ਅੰਬਾਨੀਆਂ ਅਤੇ ਅਡਾਨੀਆਂ ਦੇ ਪੈਰਾਂ ਵਿੱਚ ਸੁੱਟਿਆ ਜਾ ਰਿਹਾ ਹੈ। ਜੇ ਇਹਨਾਂ ਲੋਕ ਦੋਖੀਆਂ ਦੀ ਇਹ ਸਾਜ਼ਿਸ਼ ਸਫਲ ਰਹੀ ਤਾਂ ਬਿਜਲੀ ਆਮ ਲੋਕਾਂ ਦੀ ਪਹੁੰਚ ਤੋਂ ਬਿਲਕੁਲ ਹੀ ਬਾਹਰ ਹੋ ਜਾਵੇਗੀ। ਕਿਸਾਨਾਂ ਨੂੰ ਮਿਲਦੀ ਮੁਫ਼ਤ ਬਿਜਲੀ ਵੀ ਬੰਦ ਹੋ ਜਾਣੀ ਹੈ। ਬਿਜਲੀ ਏਨੀ ਮਹਿੰਗੀ ਕਰ ਦਿੱਤੀ ਜਾਵੇਗੀ ਕਿ ਆਮ ਵਿਅਕਤੀਆਂ ਕੋਲੋਂ ਇਸਦਾ ਖਰਚਾ ਝੱਲ ਹੀ ਨਹੀਂ ਹੋਣਾ। ਬਿਜਲੀ ਦੇ ਬਿਲਾਂ ਦੀ ਅਦਾਇਗੀ ਲਈ ਬਿਜਲੀ ਕਰਜ਼ਿਆਂ ਦਾ ਸਿਲਸਿਲਾ ਹੁਣ ਤੋਂ ਹੀ ਸੋਸ਼ਲ ਮੀਡੀਆ ਤੇ ਆਉਣਾ ਸ਼ੁਰੂ ਹੋ ਗਿਆ। ਇਹ ਖਤਰਿਆਂ ਭਰਿਆ ਸੰਕੇਤ ਹੈ ਜਿਸ ਤੋਂ ਸਭਨਾਂ ਨੂੰ ਸੁਚੇਤ ਹੋ ਜਾਣਾ ਚਾਹੀਦਾ ਹੈ।  ਇਸ ਤਰਾਂ ਬਿਜਲੀ ਸਿਰਫ ਅਮੀਰਾਂ ਦੇ ਵਰਤਣ ਦੀ ਚੀਜ਼ ਰਹਿ ਜਾਵੇਗੀ ਆਮ ਵਿਅਕਤੀਆਂ ਨੂੰ ਇੱਕ ਵਾਰ ਫੇਰ ਮਿੱਟੀ ਦੇ ਦੀਵਿਆਂ ਅਤੇ ਲਾਲਟੈਣਾਂ ਵਾਲੇ ਪਾਸੇ ਪਰਤਣਾ  ਪੈ ਸਕਦਾ ਹੈ। ਵਿਕਾਸ ਨੂੰ ਪੁੱਠਾ ਗੇੜਾ ਦੇਣ ਦੀ ਇਹ ਸਾਜ਼ਿਸ਼ ਆਮ ਵਿਅਕਤੀਆਂ ਦੀ ਜ਼ਿੰਦਗੀ ਦਾ ਸੱਤਿਆਨਾਸ ਕਰ ਦੇਵੇਗੀ। ਇਸ ਲਈ ਆਮ  ਜਨਤਾ ਨੂੰ ਵੀ ਇਸ ਬਿਲ ਦੇ ਵਿਰੋਧ ਲਈ ਸਾਡੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਨਿੱਤਰਨਾ ਚਾਹੀਦਾ ਹੈ। 

No comments:

Post a Comment

ਪੰਜਾਬ ਦੇ ਬਸ ਸਟੈਂਡ ਫਿਰ ਬੰਦ ਰਹੇ-ਹੜਤਾਲ,ਧਰਨੇ ਅਤੇ ਰੋਸ ਵਖਾਵੇ ਰਹੇ

Received From Shamsher Singh on Monday 15th September 2025 at 17:01 Regarding Bus Strike  ਕੀ ਇਹ ਸਰਕਾਰ ਵੀ ਨਿੱਜੀਕਰਨ ਵੱਲ ਝੁਕਦੀ ਜਾ ਰਹੀ ਹੈ? ਲੁਧਿਆ...