ਦੇਸ਼ ਭਰ ਵਿੱਚ ਥਾਂ ਥਾਂ ਹੋਏ ਕਾਲੇ ਬਿੱਲਿਆਂ ਨਾਲ ਰੋਹ ਭਰੇ ਰੋਸ ਮੁਜ਼ਾਹਰੇ
ਲੁਧਿਆਣਾ: 1 ਜੂਨ 2020: (ਐਮ ਐਸ ਭਾਟੀਆ//ਪੰਜਾਬ ਸਕਰੀਨ)::
ਸੱਤਾ ਵਿੱਚ ਬੈਠਦੀਆਂ ਆ ਰਹੀਆਂ ਸਰਕਾਰਾਂ ਸਮੇਂ ਸਮੇਂ ਤੇ ਜਾਨਾਂ ਹੂਲ ਕੇ ਘਾਲੀ ਘਾਲਣਾ ਦੇ ਸਿੱਟੇ ਵੱਜੋਂ ਬਣੇ ਨਵੇਂ ਵਿਕਸਿਤ ਭਾਰਤ ਨੂੰ ਅੰਬਾਨੀਆਂ, ਅਡਾਨੀਆਂ ਦੇ ਹਵਾਲੇ ਕਰਨ ਲਈ ਤਰਲੋਮੱਛੀ ਹੁੰਦੀਆਂ ਆਈਆਂ ਹਨ। ਭਾਵੇਂ ਇਥੋਂ ਦਾ ਬਿਜਲੀ ਨੈਟਵਰਕ ਸੀ ਭਾਵੇਂ ਟੈਲੀਫੋਨਾਂ ਵਾਲਾ ਜਾਲ-ਹਰ ਮਹਿਕਮੇ ਨਾਲ ਪੂੰਜੀਵਾਦ ਸਮਰਥਕ ਸਰਕਾਰਾਂ ਦਾ ਇਹੀ ਵਤੀਰਾ ਰਿਹਾ। ਜਨਸੰਘੀ ਸੋਚ ਵਾਲੀ ਭਾਜਪਾ ਸਰਕਾਰਾਂ ਦੇ ਸੱਤਾ ਵਿੱਚ ਆਉਣ ਤੇ ਇਹ ਅਮਲ ਹਨੇਰੀ ਵਾਂਗ ਤੇਜ਼ ਕਰ ਦਿੱਤਾ ਜਾਂਦਾ ਸੀ। ਇਹਨਾਂ ਮਿਹਰਬਾਨੀਆਂ ਕਰਕੇ ਹੀ ਅਮੀਰ ਘਰਾਣਿਆਂ ਵੱਲੋਂ ਭਾਜਪਾ ਨੂੰ ਮੋਟਾ ਫ਼ੰਡ ਅਤੇ ਚੋਣ ਪ੍ਰਚਾਰ ਦੀਆਂ ਹਵਾਈ ਜਹਾਜ਼ਾਂ ਵਰਗੀਆਂ ਸਹੂਲਤਾਂ ਮਿਲਦੀਆਂ ਆਈਆਂ। ਜਦੋਂ ਅਟਲ ਬਿਹਾਰੀ ਵਾਜਪਾਈ ਦੀ ਸਰਕਾਰ ਸੀ ਉਦੋਂ ਬਿਜਲੀ ਬਿਲ 2003 ਪਾਸ ਕਰ ਦਿੱਤਾ ਗਿਆ। ਹੁਣ ਜਦੋਂ ਨਰਿੰਦਰ ਮੋਦੀ ਦੁ ਅਗਵਾਈ ਹੇਠਲੀ ਸਰਕਾਰ ਹੈ ਤਾਂ ਹੁਣ ਬਿਜਲੀ ਬਿਲ-2020 ਪਾਸ ਕਰਨ ਦੀਆਂ ਤਿਆਰੀਆਂ ਹਨ। ਖੱਬੇਪੱਖੀ ਸੋਚ ਵਾਲਿਆਂ ਟਰੇਡ ਯੂਨੀਅਨਾਂ ਨੇ ਵਾਜਪਾਈ ਵੇਲੇ ਵੀ ਅਜਿਹੀਆਂ ਕੋਸ਼ਿਸ਼ਾਂ ਦਾ ਤਿੱਖਾ ਵਿਰੋਧ ਕੀਤਾ ਸੀ ਅਤੇ ਹੁਣ ਮੋਦੀ ਸਰਕਾਰ ਵੇਲੇ ਵੀ ਇਹਨਾਂ ਸਾਜ਼ਿਸ਼ਾਂ ਦੇ ਖਿਲਾਫ ਪੂਰੀ ਲਾਮਬੰਦੀ ਕਰ ਲਈ ਗਈ ਹੈ। ਹੁਣ ਜਦੋਂ ਕਿ ਭਾਜਪਾ ਸਮਰਥਕ ਸਵਦੇਸ਼ੀ ਜਾਗਰਣ ਮੰਚ ਵਰਗੇ ਸੰਗਠਨ ਬੜੇ ਹੀ ਮਚਲੇ ਜਿਹੇ ਹੋ ਕੇ ਇਸ ਬਿੱਲ ਦੇ ਮੁੱਦੇ ਤੇ ਚੁੱਪਚਾਪ ਬੈਠੇ ਹਨ ਉਦੋਂ ਇੱਕ ਵਾਰ ਫੇਰ ਖੱਬੀਆਂ ਧਿਰਾਂ ਹੀ ਮੈਦਾਨ ਵਿੱਚ ਨਿੱਤਰੀਆਂ ਹਨ। ਨਿਜੀਕਰਨ ਐਡ ਖਿਲਾਫ ਆਰਪਾਰ ਦੀ ਲੜਾਈ ਤੇਜ਼ ਹੋ ਚੁੱਕੀ ਹੈ।
ਇਸ ਬਿਜਲੀ ਬਿਲ ਦੇ ਖਿਲਾਫ ਅੱਜ ਸਾਰੇ ਦੇਸ਼ ਭਰ ਵਿੱਚ ਰੋਸ ਵਖਾਵੇ ਕੀਤੇ ਗਏ। ਕਿਸੇ ਥਾਂ ਕਾਲੇ ਬੱਲੇ ਲਾਏ ਗਏ, ਕਿਸੇ ਥਾਂ ਰੋਸ ਧਰਨੇ ਦਿੱਤੇ ਗਏ ਅਤੇ ਕਿਸੇ ਥਾਂ ਜੋਸ਼ੀਲੀ ਨਾਅਰੇਬਾਜ਼ੀ ਹੋਈ। ਗੱਲ ਕਿ ਹਰ ਥਾਂ ਇਸਦਾ ਵਿਰੋਧ ਹੋਇਆ। ਇਸ ਬਿਜਲੀ ਬਿੱਲ ਦੇ ਵਿਰੋਧ ਲਈ ਉਂਝ ਤਾਂ ਸਾਰੀਆਂ ਜਨਤਕ ਧਿਰਾਂ ਨੂੰ ਅੱਗੇ ਆਉਣਾ ਚਾਹੀਦਾ ਸੀ ਕਿਓਂਕਿ ਜੇ ਇਹ ਬਿੱਲ ਪਾਸ ਹੋ ਗਿਆ ਤਾਂ ਬਿਜਲੀ ਸਿਰਫ ਅਮੀਰਾਂ ਦੇ ਘਰਾਂ ਲਈ ਰਾਖਵੀਂ ਹੋ ਜਾਏਗੀ। ਭਾਰਤ ਦਾ ਗਰੀਬ ਅਤੇ ਮੱਧ ਵਰਗੀ ਹਿੱਸਾ ਇਸ ਤੋਂ ਵਾਂਝਿਆਂ ਹੋ ਜਾਏਗਾ। ਵਿਕਾਸ ਨੂੰ ਇੱਕ ਵਾਰ ਫੇਰ ਪੁੱਠਾ ਗੇੜਾ ਦੇਂਦਿਆਂ ਜ਼ਮਾਨਾ ਲਾਲਟੈਣਾਂ, ਮੋਮਬੱਤੀਆਂ ਅਤੇ ਦੀਵਿਆਂ ਦਾ ਆ ਜਾਏਗਾ।
ਇਸ ਬਿੱਲ ਦੇਖਿਲਾਫ਼ ਅੱਜ ਪੀ ਐਸ ਈ ਬੀ ਇੰਪਲਾਈਜ਼ ਫੈਡਰੇਸ਼ਨ (ਏਟਕ) ਦੇ ਸਰਗਰਮ ਮੈਂਬਰਾਂ ਨੇ ਕਾਲੇ ਬਿੱਲੇ ਲਗਾ ਕੇ ਇਸ ਬਿੱਲ ਦਾ ਵਿਰੋਧ ਕੀਤਾ। ਪੀ ਅਤੇ ਐਮ ਸਿਟੀ ਡਵੀਯਨ ਲੁਧਿਆਣਾ ਦੇ ਸਾਥੀਆਂ ਨੇ ਗੇਟ ਰੈਲੀ ਵੀ ਕੀਤੀ। ਸੀਨੀਅਰ ਆਗੂ ਕੇਵਲ ਸਿੰਘ ਬਨਵੈਤ ਨੇ ਇਸ ਬਿੱਲ ਨੂੰ ਰੱਦ ਕਰਨ ਦੀ ਮੰਗ ਕਰਦਿਆਂ ਇਸ ਨਾਲ ਪੈਣ ਵਾਲੇ ਮਾੜੇ ਪ੍ਰਭਾਵਾਂ ਦਾ ਕੱਚ ਚਿੱਠਾ ਖੋਹਲਿਆ। ਕਾਮਰੇਡ ਜਸਬੀਰ ਸਿੰਘ, ਰਛਪਾਲ ਸਿੰਘ, ਅਸ਼ੋਕ ਕੁਮਾਰ ਅਤੇ ਹੋਰਾਂ ਨੇ ਵੀ ਸਮਝਾਇਆ ਕਿ ਕਿਸ ਤਰਾਂ ਇਹ ਬਿਲ ਦੇਸ਼ ਦੇ ਵੱਡੇ ਹਿੱਸੇ ਵਿੱਚ ਹਨੇਰਾ ਲਿਆਉਣ ਵਾਲਾ ਹੈ। ਹਰਦੀਪ ਸਿੰਘ, ਪ੍ਰਿੰਸ ਕੁਮਾਰ, ਪਾਰਸ ਨਾਥ, ਲਖਵੀਰ ਸਿੰਘ, ਬਲਜਿੰਦਰ ਸਿੰਘ, ਰਕੇਸ਼ ਸਿੰਘ, ਕੁਲਬੀਰ ਸਿੰਘ ਅਤੇ ਹੋਰਾਂ ਨੇ ਵੀ ਇਸ ਬਿੱਲ ਦੀਆਂ ਲੋਕ ਵਿਰੋਧੀਆਂ ਊਣਤਾਈਆਂ ਦਾ ਵਿਸਥਾਰ ਨਾਲ ਜ਼ਿਕਰ ਕੀਤਾ।
ਕਾਮਰੇਡ ਐਸ ਪੀ ਸਿੰਘ ਅਤੇ ਕਾਮਰੇਡ ਚਮਕੌਰ ਸਿੰਘ ਨੇ ਦੱਸਿਆ ਕਿ ਇਸ ਬਿਲ ਨੇ ਸਾਡੇ ਘਰਾਂ ਵਿੱਚ ਬਚੀ ਰਹਿੰਦੀ ਖੂਹੰਦੀ ਰੌਸ਼ਨੀ ਵੀ ਲੁੱਟ ਲੈਣੀ ਹੈ। ਗਰੀਬ ਅਤੇ ਮੱਧ ਵਰਗੀ ਪਰਿਵਾਰਾਂ ਨੂੰ ਬਿਜਲੀ ਬਿਨਾ ਜਿਊਣਾ ਔਖਾ ਹੋ ਜਾਏਗਾ। ਇਸਲਈ ਕੋਰੋਨਾ ਤੋਂ ਜ਼ਿਆਦਾ ਖਤਰਨਾਕ ਹਨ ਬਿਜਲੀ ਬਿਲ-2020 ਅਤੇ ਇਸ ਤਰਾਂ ਦੀਆਂ ਹੋਰ ਸਾਜ਼ਿਸ਼ਾਂ। ਬੁਲਾਰਿਆਂ ਨੇ ਹਰ ਥਾਂ ਆਮ ਲੋਕਾਂ ਨੂੰ ਇਸਦੇ ਵਿਰੋਧ ਵਿੱਚ ਖੁਲ ਕੇ ਡਟਣ ਦਾ ਸੱਦਾ ਦਿੱਤਾ।
No comments:
Post a Comment