Monday, 5 July 2021

ਅਫਸਰਾਂ ਦੀ ਕਮੇਟੀ ਨੇ ਸਾਰੀਆਂ ਮੰਗਾਂ ਨੂੰ ਬੜੇ ਹੀ ਧਿਆਨ ਨਾਲ ਸੁਣਿਆ

Monday 5th July 2021 at 3:13 PM

 ਸਾਰੇ ਮਸਲਿਆਂ ਨੂੰ ਜਲਦ ਹੱਲ ਕਰਨ ਦਾ ਭਰੋਸਾ ਵੀ ਦਿੱਤਾ 


ਚੰਡੀਗੜ੍ਹ
: 5 ਜੁਲਾਈ 2021: (ਮੁਲਾਜ਼ਮ ਸਕਰੀਨ ਬਿਊਰੋ):: 

ਪੰਜਾਬ ਗੌਰਮਿੰਟ ਡਰਾਈਵਰ ਅਤੇ ਟੈਕਨੀਕਲ ਯੂਨੀਅਨ (ਰਜਿ:) ਪੰਜਾਬ ਦੇ ਵਫਦ ਵੱਲੋਂ ਪੰਜਾਬ ਸਰਕਾਰ ਦੁਆਰਾ ਮੁਲਾਜ਼ਮਾਂ ਦੀਆਂ ਮੰਗਾਂ ਸੁਣਨ ਲਈ ਬਣਾਈ ਗਈ ਅਫਸਰਾਂ ਸਾਹਿਬਾਨਾਂ ਦੀ ਕਮੇਟੀ ਨੂੰ ਨਾਲ ਮੁਲਾਕਾਤ ਹੋਈ। ਇਸ ਮੀਟਿੰਗ ਦੌਰਾਨ ਆਪਣੀਆਂ ਮੰਗਾਂ ਅਤੇ ਉਹਨਾਂ ਤੇ ਵਿਚਾਰ-ਵਟਾਂਦਰਾ ਕਰਨ ਲਈ ਗੱਲਬਾਤ ਹੋਈ। ਇਸਦੇ ਨਾਲ ਹੀ ਪੇ-ਕਮਿਸ਼ਨ ਦੀ ਸਮੀਖਿਆ ਵੀ ਕੀਤੀ ਗਈ। 

ਯੂਨੀਅਨ ਦੇ ਸੂਬਾ ਪ੍ਰਧਾਨ  ਸ. ਜਰਨੈਲ ਸਿੰਘ ਨਥਾਣਾ ਅਤੇ ਜਨਰਲ ਸਕੱਤਰ ਸ. ਪ੍ਰੇਮਜੀਤ ਸਿੰਘ ਬੁੱਟਰ ਦੀ ਅਗਵਾਈ ਹੇਠ ਸਾਰੇ ਮੈਂਬਰ ਇੱਕਜੁਊਟ ਹੋਏ। ਯੂਨੀਅਨ ਦੇ ਵਫਦ ਨੇ ਪੰਜਾਬ ਦੇ ਸਮੂਹ ਸਰਕਾਰੀ ਅਤੇ ਅਰਧ-ਸਰਕਾਰੀ ਡਰਾਈਵਰਾਂ ਦੇ ਹੱਕਾਂ ਦੀਆਂ ਮੰਗਾਂ ਨੂੰ ਪੁਰਜ਼ੋਰ ਤਰੀਕੇ ਨਾਲ ਅਫਸਰਾਂ ਦੀ ਕਮੇਟੀ ਸਾਹਮਣੇ ਰੱਖਿਆ। 

ਮੀਟਿੰਗ ਵਿੱਚ ਯੂਨੀਅਨ ਦੇ ਜਨਰਲ ਸਕੱਤਰ ਸ਼੍ਰੀ ਪ੍ਰੇਮਜੀਤ ਸਿੰਘ ਬੁੱਟਰ ਵੱਲੋਂ 2011 ਵਿੱਚ ਸਰਕਾਰ ਦੁਆਰਾ ਗਠਿਤ ਅਨਾਮਲੀ ਕਮੇਟੀ ਦੁਆਰਾ ਡਰਾਈਵਰਾਂ ਦੇ ਪੇਅ-ਸਕੇਲ ਵਿੱਚ ਪਾਏ ਫਰਕ ਬਾਰੇ ਵੀ ਦੱਸਿਆ ਗਿਆ। ਇਸ ਫਰਕ ਨੂੰ ਖਤਮ ਕਰਦੇ ਹੋਏ 10300-34800 ਗ੍ਰੇਡ-ਪੇਅ 3200 ਦਾ ਪੇਅ-ਸਕੇਲ ਦੇਣ ਅਤੇ ਸਪੈਸ਼ਲ ਪੇ ਰੁਪਏ 1400/-, ਜੋ ਕਿ ਪੰਜਾਬ ਦੇ ਡਰਾਈਵਰਾਂ ਲਈ ਬੰਦ ਕੀਤਾ ਜਾ ਰਿਹਾ ਹੈ, ਨੂੰ ਸਿਵਲ ਸਕੱਤਰੇਤ, ਚੰਡੀਗੜ੍ਹ ਦੇ ਡਰਾਈਵਰਾਂ ਦੀ ਤਰਜ਼ ਤੇ 1400 ਨੂੰ ਡਬਲ ਕਰਕੇ ਰੁਪਏ 2800/- ਦੇਣ ਦੀ ਬੇਨਤੀ ਵੀ ਕੀਤੀ ਗਈ। 

ਇਸ ਤੋਂ ਇਲਾਵਾ ਯੂਨੀਅਨ ਵੱਲੋਂ ਪੁਰਾਣੀਆਂ ਚੱਲਦੀਆਂ ਆ ਰਹੀਆਂ ਮੰਗਾਂ ਜਿਵੇਂ ਕਿ ਸਾਰੀਆਂ ਸਰਕਾਰੀ ਗੱਡੀਆਂ ਦਾ ਬੀਮਾ ਕਰਵਾਉਣ, ਰਿਸਕ ਵੱਜੋਂ ਡਰਾਈਵਰਾਂ ਦਾ 25 ਲੱਖ ਰੁਪਏ ਦਾ ਜੀਵਨ ਬੀਮਾ ਕਰਵਾਉਣਾ, ਡਰਾਈਵਰਾਂ ਦੀਆਂ ਤਰੱਕੀਆਂ ਸਮਾਂਬੱਧ ਕਰਨ (10 ਸਾਲਾਂ ਦੀ ਸੇਵਾ ਉਪਰੰਤ ਗ੍ਰੇਡ-2 ਵਿੱਚ ਸੁਪਰਵਾਈਜ਼ਰ ਅਤੇ 15 ਸਾਲਾਂ ਦੀ ਸੇਵਾ ਉਪਰੰਤ ਸੀਨੀਅਰ ਸੁਪਰਵਾਈਜ਼ਰ), ਰੈਗੂਲਰ ਪੱਧਰ ਤੇ ਨਵੀਂਆਂ ਭਰਤੀਆਂ ਕਰਨਾ, ਕੱਚੇ ਡਰਾਈਵਰਾਂ ਨੂੰ ਜਲਦ ਤੋਂ ਜਲਦ ਪੱਕਾ ਕਰਨਾ ਅਤੇ ਘੱਟੋ-ਘੱਟ 2000/- ਰੁਪਏ ਪ੍ਰਤੀ ਮਹੀਨਾਂ ਸਫਰੀ ਭੱਤਾ ਦੇਣ ਦੀ ਵੀ ਬੇਨਤੀ ਕੀਤੀ ਗਈ।  

ਯੂਨੀਅਨ ਦੇ ਜਨਰਲ ਸਕੱਤਰ ਸ਼੍ਰੀ ਪ੍ਰੇਮਜੀਤ ਸਿੰਘ ਬੁੱਟਰ ਵੱਲੋਂ ਦੱਸਿਆ ਗਿਆ ਕਿ ਅਫਸਰ ਸਾਹਿਬਾਨਾਂ ਦੀ ਕਮੇਟੀ ਵੱਲੋਂ ਉਹਨਾਂ ਦੀਆਂ ਸਾਰੀਆਂ ਮੰਗਾਂ ਨੂੰ ਬੜੀ ਧਿਆਨ ਨਾਲ ਸੁਣਿਆ ਗਿਆ ਅਤੇ ਉਹਨਾਂ ਵੱਲੋਂ ਵਿਸ਼ਵਾਸ ਦਵਾਇਆ ਗਿਆ ਕਿ ਇਹਨਾਂ ਮੰਗਾਂ ਦਾ ਜਲਦ ਹੀ ਹੱਲ ਕੀਤਾ ਜਾਵੇਗਾ। ਇਸ ਮੀਟਿੰਗ ਵਿੱਚ ਪੰਜਾਬ ਗੌਰਮਿੰਟ ਡਰਾਈਵਰ ਅਤੇ ਟੈਕਨੀਕਲ ਯੂਨੀਅਨ (ਰਜਿ:) ਪੰਜਾਬ ਦੇ ਉਪਰੋਕਤ ਅਹੁਦੇਦਾਰਾਂ ਦੇ ਨਾਲ ਸ. ਹਰਵਿੰਦਰ ਸਿੰਘ ਕਾਲਾ, ਚੇਅਰਮੈਨ ਆਲ ਇੰਡੀਆ ਗੌਰਮਿੰਟ ਡਰਾਈਵਰ ਕੰਨਫੈਡਰੇਸ਼ਨ, ਸ਼੍ਰੀ ਅਨਿਲ ਕੁਮਾਰ, ਸਕੱਤਰ ਆਲ ਇੰਡੀਆ ਗੌਰਮਿੰਟ ਡਰਾਈਵਰ ਕੰਨਫੈਡਰੇਸ਼ਨ, ਸ਼੍ਰੀ ਪਵਨ ਕੁਮਾਰ, ਪ੍ਰਧਾਨ ਸਿਵਲ ਸਕੱਤਰੇਤ, ਚੰਡੀਗੜ੍ਹ, ਸ. ਨਰਿੰਦਰ ਸਿੰਘ, ਸੁਪਰਵਾਈਜ਼ਰ, ਸਿਵਲ ਸਕੱਤਰੇਤ, ਚੰਡੀਗੜ੍ਹ, ਸ. ਲੱਖਵਿੰਦਰ ਸਿੰਘ ਗਿੱਲ, ਸੀਨੀਅਰ ਮੀਤ ਪ੍ਰਧਾਨ, ਸ. ਹਿੰਮਤ ਸਿੰਘ ਰੋਪੜ, ਸ. ਪਲਵਿੰਦਰ ਸਿੰਘ ਰੋਪੜ, ਸ਼੍ਰੀ ਦਲਜੀਤ ਕੌਸ਼ਲ, ਪ੍ਰਧਾਨ ਚੰਡੀਗੜ੍ਹ, ਸ. ਬਲਵੀਰ ਸਿੰਘ ਭੰਗੂ, ਸ. ਮਨਮੋਹਨ ਸਿੰਘ, ਸ. ਸੁਖਵਿੰਦਰ ਸਿੰਘ ਵਾਹਲਾ ਸ਼ਾਮਿਲ ਹੋਏ।


No comments:

Post a Comment

ਸੁਰਿੰਦਰ ਸਿੰਘ ਬਣੇ ਪੰਜਾਬ ਮੰਡੀ ਬੋਰਡ ਇੰਪਲਾਈਜ ਯੂਨੀਅਨ ਦੇ ਪ੍ਰਧਾਨ

Saturday 24th August 2024 at 1:32 PM          Arvinder Phg   < arvinder1200@gmail.com ਸੁਰਿੰਦਰ ਗਰੁੱਪ ਨੇ ਕਲੀਨ ਸਵੀਪ ਰਾਹੀ ਚੋਣਾਂ ਨੂੰ ਇਕ ਤਰਫਾਂ ...