ਸਰਕਾਰ ਦੇ ਅੜੀਅਲ ਰਵਈਏ ਕਾਰਨ ਪਟਵਾਰੀ ਅਤੇ ਕਾਨੂੰਗੋ ਰੋਸ ਵਿੱਚ
ਫ਼ਿਰੋਜ਼ਪੁਰ: 21 ਜੂਨ 2021: (ਮੁਲਾਜ਼ਮ ਸਕਰੀਨ ਬਿਊਰੋ)::
ਦੀ ਰੈਵੀਨਿਊ ਪਟਵਾਰ ਯੂਨੀਅਨ ਅਤੇ ਦੀ ਕਾਨੂੰਗੋ ਐਸ਼ੋਸੀਏਸ਼ਨ ਪੰਜਾਬ ਦੀ ਤਾਲਮੇਲ ਕਮੇਟੀ ਪੰਜਾਬ ਦੀ ਅਗਵਾਈ ਹੇਠਾਂ ਕੀਤੇ ਜਾ ਰਹੇ ਸੰਘਰਸ਼ ਮੁਤਾਬਕ ਵਿੱਤ ਮੰਤਰੀ ਪੰਜਾਬ ਦੇ ਸਰਕਾਰੀ ਮੁਲਾਜ਼ਮਾਂ ਪ੍ਰਤੀ ਅੜੀਅਲ ਰਵੱਈਏ ਦੇ ਕਾਰਨ ਵਿੱਤ ਮੰਤਰੀ ਦੇ ਆਪਣੇ ਜਿਲੇ ਬਠਿੰਡਾ ਵਿੱਚ ਮਿਤੀ 7 ਜੂਨ ਤੋਂ ਸਮੁੱਚੇ ਪਟਵਾਰੀਆਂ ਅਤੇ ਕਾਨੂੰਗੋਆਂ ਵੱਲੋਂ ਬਿਨਾਂ ਮਿਹਨਤਾਨੇ ਤੋਂ ਮਿਲੇ ਆਪਣੇ ਵਾਧੂ ਸਰਕਲਾਂ ਦਾ ਰਿਕਾਰਡ ਆਪਣੇ ਦਫਤਰ ਕਾਨੂੰਗੋ ਪਾਸ ਜਮਾਂ ਕਰਵਾਇਆ ਗਿਆ ਸੀ। ਜਿਸ ਅਨੁਸਾਰ ਬਠਿੰਡਾ ਜ਼ਿਲ੍ਹਾ ਦੇ 172 ਪਟਵਾਰ ਸਰਕਲਾਂ ਵਿਚੋਂ 63 ਵਾਧੂ ਪਟਵਾਰ ਸਰਕਲਾਂ ਦਾ ਕੰਮ ਮਿਤੀ 7/6/2021 ਤੋਂ ਹੀ ਬੰਦ ਹੈ ਪਰੰਤੂ ਫਿਰ ਵੀ ਸਰਕਾਰ ਦੇ ਕੰਨਾਂ ਤੇ ਜੂੰ ਤੱਕ ਨਹੀਂ ਸਰਕੀ।
ਇਸ ਲਈ ਤੈਅ ਕੀਤੇ ਸੰਘਰਸ਼ ਦੇ ਪ੍ਰੋਗਰਾਮ ਮੁਤਾਬਿਕ ਮਿਤੀ 15 ਜੂਨ ਤੋਂ ਫਰੀਦਕੋਟ ਕਮਿਸ਼ਨਰੀ ਅਧੀਨ ਆਉਂਦੇ ਜ਼ਿਲ੍ਹਿਆਂ, ਮਾਨਸਾ ਅਤੇ ਫਰੀਦਕੋਟ,ਦੇ ਪਟਵਾਰੀ ਅਤੇ ਕਾਨੂੰਗੋ ਸਹਿਬਾਨਾਂ ਵੱਲੋਂ ਵੀ ਵਾਧੂ ਸਰਕਲਾਂ ਦਾ ਕੰਮ ਬੰਦ ਕਰ ਦਿੱਤਾ ਗਿਆ ਸੀ।ਜਿਸ ਨਾਲ ਜ਼ਿਲ੍ਹਾ ਮਾਨਸਾ ਵਿੱਚ 3 ਕਾਨੂੰਗੋ ਸਰਕਲ ਤੇ 132 ਪਟਵਾਰ ਸਰਕਲਾਂ ਵਿੱਚੋਂ 83 ਪਟਵਾਰ ਸਰਕਲਾਂ ਦਾ ਕੰਮ ਬੰਦ ਕੀਤਾ ਗਿਆ,ਅਤੇ 155 ਪਿੰਡ ਪਟਵਾਰੀ ਤੋਂ ਸੱਖਣੇ ਹੋ ਗਏ ਹਨ।ਜ਼ਿਲ੍ਹਾ ਫਰੀਦਕੋਟ ਦੇ ਵਿੱਚ 3 ਕਾਨੂੰਗੋ ਸਰਕਲ ਅਤੇ ਕੁੱਲ 88 ਪਟਵਾਰ ਸਰਕਲਾਂ ਵਿੱਚੋਂ 56 ਪਟਵਾਰ ਸਰਕਲਾਂ( ਲਗਭਗ 116 ਪਿੰਡਾਂ) ਦਾ ਕੰਮ ਮਿਤੀ15/6/2021 ਤੋਂ ਬੰਦ ਪਿਆ ਹੈ।ਫੇਰ ਵੀ ਸਰਕਾਰ ਨੇ ਹਾਲੇ ਤੱਕ ਪਟਵਾਰੀਆਂ/ਕਾਨੂੰਗੋਆਂ ਦੀਆਂ ਹੱਕੀ ਮੰਗਾਂ ਵੱਲ ਕੋਈ ਗੌਰ ਨਹੀਂ ਕੀਤੀ।
ਇਸ ਮੌਕੇ ਸੰਤੋਖ ਸਿੰਘ ਤੱਖੀ ਜ਼ਿਲ੍ਹਾ ਪ੍ਰਧਾਨ , ਗੁਰਦੀਪ ਸਿੰਘ ਨੁਮਾਇੰਦਾ ਪੰਜਾਬ , ਰਾਕੇਸ਼ ਅਗਰਵਾਲ ਜਨਰਲ ਸਕੱਤਰ, ਰਮੇਸ਼ ਢੀਂਗਰਾ ਖਜਾਨਚੀ ਕਾਨੂੰਗੋ ਐਸੋਸੀਏਸ਼ਨ ਪੰਜਾਬ , ਜਸਬੀਰ ਸਿੰਘ ਸੈਣੀ ਪ੍ਰਧਾਨ , ਏਕਮ ਸਿੰਘ ਨੁਮਾਇੰਦਾ ਪੰਜਾਬ , ਰਾਕੇਸ਼ ਕਪੂਰ ਜਨਰਲ ਸਕੱਤਰ ,ਨਿਸ਼ਾਨ ਸਿੰਘ ਖਜਾਨਚੀ ਦੀ ਰੈਵੀਨਿਊ ਪਟਵਾਰ ਯੂਨੀਅਨ ਜ਼ਿਲ੍ਹਾ ਫ਼ਿਰੋਜ਼ਪੁਰ ਨੇ ਇਸ ਬਾਰੇ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਮੁੱਚੇ ਪੰਜਾਬ ਵਿੱਚ ਪਟਵਾਰੀਆਂ ਦੀਆਂ ਕੁੱਲ 4716 ਅਸਾਮੀਆਂ ਹਨ ਜਿਸ ਉਪਰ ਅੱਜ ਦੀ ਤਰੀਕ ਵਿੱਚ ਸਿਰਫ 1995 ਪਟਵਾਰੀ ਕੰਮ ਕਰ ਰਹੇ ਹਨ, ਇਸ ਤਰ੍ਹਾਂ ਉਹਨਾਂ ਉਪਰ ਮੌਜੂਦਾ ਸਮੇਂ ਦੌਰਾਨ 2721 ਪਟਵਾਰ ਸਰਕਲਾਂ ਦਾ ਵਾਧੂ ਬੋਝ ਹੈ।ਇਸੇ ਤਰ੍ਹਾਂ 661 ਅਸਾਮੀਆਂ ਕਾਨੂੰਗੋਆਂ ਦੀਆਂ ਹਨ ਜ਼ਿਹਨਾ ਵਿੱਚੋਂ 500 ਕਾਨੂੰਗੋ ਇਸ ਵਕਤ ਹਾਜ਼ਰ ਹਨ ਤੇ ਲਗਭਗ 161 ਅਸਾਮੀਆਂ ਖਾਲੀ ਹਨ ਤੇ ਵਾਧੂ ਬੋਝ ਮੌਜੂਦਾ ਕਾਨੂੰਗੋਆਂ ‘ਤੇ ਹੈ ।ਉਨ੍ਹਾਂ ਦੱਸਿਆ ਕਿ ਸਰਕਾਰ ਨੇ ਦਸੰਬਰ 2016 ਵਿੱਚ 1227 ਮਾਲ ਪਟਵਾਰੀਆਂ ਨੂੰ ਨਿਯੁਕਤੀ ਪੱਤਰ ਦਿੱਤੇ ਸਨ। ਫਿਰ ਚੋਣ ਜਾਬਤਾ ਲੱਗਣ ਕਾਰਨ ਦਿਸੰਬਰ 2016 ਤੋਂ ਮਈ 2017 ਤੱਕ ਇਹਨਾਂ ਪਟਵਾਰੀਆਂ ਨੂੰ ਸਰਕਾਰ ਨੇ ਅਸਥਾਈ ਤੌਰ ਤੇ ਵੋਟਾਂ ਜਾਂ ਹੋਰ ਕੰਮਾਂ ਵਿੱਚ ਲਗਾ ਕੇ ਰੱਖਿਆ। ਇਸ ਸਮੇਂ ਦੌਰਾਨ ਇਹਨਾਂ ਪਟਵਾਰੀਆਂ ਨੂੰ ਕੋਈ ਮਿਹਨਤਾਨਾ ਨਹੀਂ ਦਿੱਤਾ ਗਿਆ। ਫਿਰ ਮਈ 2017 ਤੋਂ ਦਸੰਬਰ 2018 ਤੱਕ ਇਹਨਾਂ ਪਟਵਾਰੀਆਂ ਨੂੰ ਡੇਢ ਸਾਲ ਦੀ ਟ੍ਰੇਨਿੰਗ ਦਿੱਤੀ ਗਈ। ਇਸ ਸਮੇਂ ਦੌਰਾਨ ਪਟਵਾਰੀਆਂ ਨੂੰ 5000 ਰੁਪੇ ਮਹੀਨਾ ਦਿੱਤਾ ਗਿਆ। ਫਿਰ ਦਸੰਬਰ 2018 ਤੋਂ ਇਹਨਾਂ ਪਟਵਾਰੀਆਂ ਦਾ ਤਿੰਨ ਸਾਲ ਦਾ ਪਰੋਬੇਸ਼ਨ ਸ਼ੁਰੂ ਹੋਇਆ ਜੋ ਕਿ ਦਸੰਬਰ 2021ਵਿੱਚ ਜਾ ਕੇ ਪੂਰਾ ਹੋਵੇਗਾ। ਨਿਯੁਕਤੀ ਪੱਤਰ ਮਿਲਣ ਤੋਂ ਲਗਭਗ ਸਾਢੇ ਚਾਰ ਸਾਲ ਬਾਅਦ ਵੀ ਇਹ ਪਟਵਾਰੀ ਹਾਲੇ ਤੱਕ ਪੱਕੇ ਨਹੀਂ ਹੋਏ ਹਨ ਅਤੇ ਲਗਭਗ ਦਸ ਹਜਾਰ ਦੀ ਨਿਗੁਣੀ ਤਨਖਾਹ ਤੇ ਆਪਣੇ ਕੰਮ ਨਾਲੋਂ ਦੁੱਗਣਾ ਤਿੱਗਣਾ ਕੰਮ ਕਰਦੇ ਹੋਏ ਆਪਣਾ ਸ਼ੋਸ਼ਣ ਕਰਵਾ ਰਹੇ ਹਨ,ਜੋ ਕਿ ਕਿਸੇ ਕਾਨੂੰਨ ਵਿੱਚ ਨਹੀਂ ਹੈ।
ਪਟਵਾਰੀ ਕਾਨੂੰਗੋ ਆਗੂਆਂ ਨੇ ਦੱਸਿਆ ਕਿ ਸਰਕਾਰ ਦੇ ਇਸ ਸ਼ੋਸ਼ਣ ਨੂੰ ਨਾ ਸਹਿੰਦੇ ਹੋਏ 1227 ਵਿੱਚੋਂ ਲਗਭਗ 400 ਪਟਵਾਰੀ ਇਸ ਨੌਕਰੀ ਨੂੰ ਅਲਵਿਦਾ ਕਹਿ ਚੁੱਕੇ ਹਨ। ਇਹਨਾਂ 1227 ਮਾਲ ਪਟਵਾਰੀਆਂ ਦੇ ਨਾਲ ਹੀ ਨਿਯੁਕਤ ਹੋਏ ਨਹਿਰੀ ਪਟਵਾਰੀ ( ਜਿਹਨਾਂ ਦੀ ਟ੍ਰੇਨਿੰਗ ਤਿੰਨ ਮਹੀਨੇ ਦੀ ਸੀ ) ਨੂੰ ਪੱਕੇ ਹੋਇਆਂ ਸਾਲ ਤੋਂ ਉੱਪਰ ਦਾ ਸਮਾਂ ਹੋ ਚੁੱਕਾ ਹੈ। ਇਸ ਲਈ ਪੰਜਾਬ ਪ੍ਰਧਾਨ ਨੇ ਮੰਗ ਕੀਤੀ ਕਿ ਨਵੇੰ ਭਰਤੀ 1227 ਪਟਵਾਰੀਆਂ ਦੀ ਪਟਵਾਰ ਟ੍ਰੇਨਿੰਗ ਦੇ ਡੇਢ ਸਾਲ ਨੂੰ ਪਰਖ ਕਾਲ ਵਿੱਚ ਸ਼ਾਮਿਲ ਕੀਤਾ ਜਾਣਾ ਚਾਹੀਦਾ ਹੈ ਅਤੇ ਪਟਵਾਰੀ ਭਰਤੀ ਪ੍ਰਕਿਰਿਆ 5 ਸਤੰਬਰ 2016 ਤੋਂ ਪਹਿਲਾਂ ਸ਼ੁਰੂ ਹੋਣ ਕਰਕੇ ਨਵੇਂ ਪਟਵਾਰੀਆਂ ਦਾ ਪਰੋਬੇਸ਼ਨ ਦਾ ਸਮਾਂ ਤਿੰਨ ਸਾਲ ਤੋਂ ਦੋ ਸਾਲ ਹੋਣਾ ਚਾਹੀਦਾ ਹੈ।
ਮੁਲਾਜ਼ਮ ਆਗੂਆਂ ਨੇ ਦੱਸਿਆ ਕਿ ਉਹਨਾਂ ਨੇ ਪਿਛਲੇ ਸਾਲ ਕਰੜਾ ਸ਼ੰਘਰਸ਼ ਕਰਕੇ ਪੰਜਾਬ ਲੋਕ ਸੇਵਾ ਕਮਿਸ਼ਨ ਤੋਂ ਪੱਤਰ ਨੰਬਰ ਆਰ.ਐਸ./71/1985/ਅ-8/3144 ਮਿਤੀ 10-12-2020 ਰਾਹੀਂ ਨਵੇਂ ਭਰਤੀ 1227 ਪਟਵਾਰੀਆਂ ਦੀ 18 ਮਹੀਨੇ ਦੀ ਟ੍ਰੇਨਿੰਗ ਨੂੰ ਪਰਖ ਕਾਲ ਵਿੱਚ ਸ਼ਾਮਿਲ ਕਰਨ ਲਈ ਮਨਜੂਰੀ ਲੈ ਲਈ ਹੈ ਪ੍ਰੰਤੂ ਵਿੱਤ ਮੰਤਰੀ ਪੰਜਾਬ ਇਸ ਨੂੰ ਅੰਤਿਮ ਮਨਜੂਰੀ ਨਹੀਂ ਦੇ ਰਹੇ ਹਨ। ਉਹਨਾਂ ਦੱਸਿਆ ਕਿ ਜਿੱਥੇ ਸਰਕਾਰ ਨਵੇਂ ਪਟਵਾਰੀਆਂ ਦਾ ਸ਼ੋਸ਼ਣ ਕਰ ਰਹੀ ਹੈ ਉੱਥੇ ਹੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਪਿਛਲੇ ਦਿਨੀਂ ਕੈਬਨਿਟ ਮੀਟਿੰਗ ਵਿੱਚ ਅਰਜੁਨ ਬਾਜਵਾ ਨੂੰ ਇੰਸਪੈਕਟਰ ਅਤੇ ਭੀਸ਼ਮ ਪਾਂਡੇ ਨੂੰ ਤਹਿਸੀਲਦਾਰ ਵਜੋਂ ਨੌਕਰੀ ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ। ਹਾਲਾਂਕਿ ਨੌਕਰੀ ਲੈਣ ਵਾਲੇ ਦੋਵੇਂ ਨੌਜਵਾਨ ਚੰਗੇ ਅਤੇ ਸਮ੍ਰਿੱਧ ਪਰਿਵਾਰ ਨਾਲ ਤਾਲੁੱਕ ਰੱਖਦੇ ਹਨ। ਦੋਵਾਂ ਨੌਜਵਾਨਾਂ ਦੇ ਪਿਤਾ ਕਾਂਗਰਸ ਸਰਕਾਰ 'ਚ ਵਿਧਾਇਕ ਵੀ ਹਨ।
ਵਤਨ ਸਿੰਘ ,ਜਗਸੀਰ ਸਿੰਘ ਭਗਵਾਨ ਸਿੰਘ ਤਹਿਸੀਲ ਪ੍ਰਧਾਨ ਨੇ ਬੀਤੇ ਦਿਨੀ ਪੰਜਾਬ ਸਰਕਾਰ ਵੱਲੋਂ 6ਵੇਂ ਪੇਅ ਕਮਿਸ਼ਨ ਦੀ ਲਾਗੂ ਕੀਤੀ ਰਿਪੋਰਟ ਦੀ ਵੀ ਨਿੰਦਾ ਕੀਤੀ। ਉਹਨਾਂ ਕਿਹਾ ਕਿ ਇਹ ਪੰਜਾਬ ਸਰਕਾਰ ਦੁਆਰਾ ਮੁਲਾਜਮਾਂ ਦੀ ਪਿੱਠ ਵਿੱਚ ਛੁਰਾ ਮਾਰਨ ਵਾਲੀ ਗੱਲ ਹੈ। ਰਿਪੋਰਟ ਵਿੱਚ ਜਿਆਦਾਤਰ ਭੱਤੇ ਖਤਮ ਕਰ ਦਿੱਤੇ ਗਏ ਹਨ। ਉਹਨਾਂ ਕਿਹਾ ਕਿ ਨਿਯਮਾਂ ਮੁਤਾਬਿਕ ਪਟਵਾਰੀ ਦੀ ਅਸਾਮੀ ਇੱਕ ਟੈਕਨੀਕਲ ਅਸਾਮੀ ਹੈ। ਪਰੰਤੂ ਕਲਾਸ-3 ਵਿੱਚ ਪਟਵਾਰੀ 3200 ਗ੍ਰੇਡ ਪੇਅ ਨਾਲ ਸਭ ਤੋਂ ਘੱਟ ਤਨਖਾਹ ਲੈ ਰਹੇ ਹਨ। ਉਹਨਾਂ ਮਾਲ ਪਟਵਾਰੀਆਂ ਲਈ ਟੈਕਨੀਕਲ ਗ੍ਰੇਡ ਪੇਅ ਦੀ ਮੰਗ ਕੀਤੀ।
ਪਟਵਾਰੀ ਕਾਨੂੰਗੋ ਆਗੂਆਂ ਨੇ ਦੱਸਿਆ ਕਿ ਪੰਜਾਬ ਸਰਕਾਰ ਪਟਵਾਰੀਆਂ ਦੀਆਂ ਹੋਰ ਹੱਕੀ ਮੰਗਾਂ ਜਿਵੇਂ ਸਾਲ1996 ਤੋਂ ਸੀਨੀਅਰ ਜੂਨੀਅਰ ਪਟਵਾਰੀਆਂ ਦੀ ਪੇਅ ਅਨਾਮਲੀ ਦੂਰ ਕਰਨਾ,ਪਟਵਾਰਖਾਨਿਆਂ ਨੂੰ ਸਹੂਲਤਾਂ ਮੁਤਾਬਿਕ ਅਪਡੇਟ ਕਰਨਾ ਤੇ ਨਵੇਂ ਪਟਵਾਰ ਖਾਨੇ ਬਣਵਾਉਣਾ,ਪਟਵਾਰੀਆਂ ਨੂੰ ਦਫਤਰੀ ਕੰਮ ਲਈ ਲੈਪਟਾਪ ਮੁਹੱਈਆ ਕਰਾਉਣੇ, ਪਟਵਾਰੀਆਂ ਦੇ ਦਫਤਰੀ ਭੱਤੇ ਨੂੰ ਵਧਾਉਣਾ, ਪਟਵਾਰੀਆਂ ਦੀ ਘਾਟ ਕਾਰਨ ਜਲਦ ਤੋਂ ਜਲਦ ਨਵੀਂ ਭਰਤੀ ਕਰਨਾ ਆਦਿ ਮੰਗਾਂ ਨੂੰ ਕਰੋਨਾ ਦੀ ਆੜ ਵਿੱਚ ਅਣਗੌਲਿਆ ਕਰ ਰਹੀ ਹੈ।
ਸੇਵਾ ਮੁਕਤ ਆਗੂਆਂ ਹਰਮੀਤ ਵਿਦਿਆਰਥੀ ਦਲੀਪ ਸਿੰਘ ਜਗਦੀਸ਼ ਸਿੰਘ , ਜਸਵੰਤ ਸਿੰਘ ਆਦਿ ਨੇ ਕਿਹਾ ਕਿ ਕਾਨੂੰਗੋ ਤੋਂ ਨਾਇਬ ਤਹਿਸੀਲਦਾਰ ਦੀ ਪ੍ਰੋਮੋਸ਼ਨ ਦਾ ਕੋਟਾ 100% ਕੀਤਾ ਜਾਵੇ ਤੇ ਪਟਵਾਰ ਦੌਰਾਨ ਪਾਸ ਕੀਤੇ ਪੇਪਰ ਵਿਚੋਂ ਛੋਟ ਵੀ ਦਿੱਤੀ ਜਾਵੇ। 7 ਪਟਵਾਰ ਸਰਕਲਾ ਪਿੱਛੇ ਇੱਕ ਕਾਨੂੰਗੋ ਦੀ ਤਜਵੀਜ ਜੋ ਮਨਜ਼ੂਰ ਹੋ ਚੁੱਕੀ ਪਰ ਸਰਕਾਰ ਇਸਨੂੰ ਲਾਗੂ ਨਹੀ ਕਰ ਰਹੀ ਹੈ ਇਸ ਮੌਕੇ ਉਹਨਾਂ ਨੇ ਸਰਕਾਰ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ 21 ਜੂਨ ਤੋ ਸਮੁੱਚੇ ਪੰਜਾਬ ਦੇ ਪਟਵਾਰੀ ਅਤੇ ਕਾਨੂੰਗੋ ਸਹਿਬਾਨਾਂ ਵੱਲੋਂ ਵਾਧੂ ਸਰਕਲਾਂ ਦਾ ਕੰਮ ਬੰਦ ਕਰ ਦਿੱਤਾ ਜਾਵੇਗਾ ਜਿਸ ਨਾਲ ਤਕਰੀਬਨ ਅੱਧ ਤੋਂ ਵੱਧ ਪਿੰਡਾਂ ਦਾ ਕੰਮ ਬੰਦ ਹੋ ਜਾਵੇਗਾ। ਮੁੱਖ ਮੰਤਰੀ ਸਾਹਿਬ ਦੇ ਆਪਣੇ ਜ਼ਿਲ੍ਹੇ ਪਟਿਆਲਾ ਵਿੱਚ ਹੀ ਲਗਭਗ 259 ਪਟਵਾਰ ਸਰਕਲਾਂ ਵਿੱਚੋਂ 111 ਪਟਵਾਰ ਸਰਕਲ ਤੇ 7 ਕਾਨੂੰਗੋ ਸਰਕਲ ਬਿਨ੍ਹਾਂ ਪਟਵਾਰੀ ਤੇ ਕਾਨੂੰਗੋ ਦੇ ਹੋ ਜਾਣਗੇ ਅਤੇ ਤਕਰੀਬਨ 405 ਪਿੰਡਾਂ ਦਾ ਕੰਮ ਮੁਕੰਮਲ ਤੌਰ ‘ਤੇ ਬੰਦ ਹੋ ਜਾਵੇਗਾ ਅਤੇ ਇਹ ਉਦੋਂ ਤੱਕ ਬੰਦ ਰਹੇਗਾ ਜਦੋਂ ਤੱਕ ਸਰਕਾਰ ਸਾਡੀਆਂ ਮੰਗਾਂ ਨੂੰ ਪ੍ਰਵਾਨ ਨਹੀਂ ਕਰਦੀ। ਚਾਹੇ ਉਹਨਾਂ ਨੂੰ ਕਿੰਨਾ ਹੀ ਚਿਰ ਕੰਮ ਬੰਦ ਕਿਉਂ ਨਾ ਕਰਨਾ ਪਵੇ। ਇਸ ਨਾਲ ਲੋਕਾਂ ਨੂੰ ਜੋ ਵੀ ਮੁਸ਼ਕਿਲ ਪੇਸ਼ ਆਵੇਗੀ ਉਸਦੇ ਪੂਰੇ ਜਿੰਮੇਵਾਰ ਪੰਜਾਬ ਸਰਕਾਰ ਅਤੇ ਵਿੱਤ ਮੰਤਰੀ ਪੰਜਾਬ ਹੋਣਗੇ।
No comments:
Post a Comment