ਉੱਘੇ ਟਰੇਡ ਯੂਨੀਅਨਿਸਟ,ਨਿਧੜਕ ਅਤੇ ਨਿਰਵਿਵਾਦ ਆਗੂ ਰਹੇ
ਲੁਧਿਆਣਾ//ਜਲੰਧਰ: 5 ਜੂਨ 2021: (ਮਹੀਪਾਲ//ਮੁਲਾਜ਼ਮ ਸਕਰੀਨ)::
ਇੱਕ ਹੋਰ ਜੇਤੂ ਜਰਨੈਲ ਤੁਰ ਗਿਆ ਹੈ। ਆਪਣੇ ਸਮਿਆਂ ਦੌਰਾਨ ਸੁਖਦੇਵ ਸਿੰਘ ਬੜੀ ਇੱਕ ਚੜ੍ਹਦੀਕਲਾ ਵਾਲਾ ਆਗੂ ਸੀ। ਸਾਥੀਉ ਮਹੀਪਾਲ ਅਤੇ ਹੋਰਨਾਂ ਨੇ ਦੱਸਿਆ ਹੈ ਕਿ ਉਹ ਹੁਣ ਨਹੀਂ ਰਹੇ। ਪਰਿਵਾਰਿਕ ਸੂਤਰਾਂ ਨੇ ਵੀ ਇਸ ਗੱਲ ਦੀ ਪੁਸ਼ਟੀ ਕੀਤੀ ਕਿ ਉਹਨਾਂ ਲੁਧਿਆਣਾ ਦੇ ਡੀਐਮਸੀ ਹਸਪਤਾਲ ਵਿੱਚ ਆਖ਼ਿਰੀ ਸਾਹ ਲਿਆ। ਉਹਨਾਂ ਦੇ ਇਸ ਸਦੀਵੀ ਵਿਛੋੜੇ ਮਗਰੋਂ ਟ੍ਰੇਡ ਯੂਨੀਅਨ ਸੰਗਠਨਾਂ ਵਿੱਚ ਸੋਗ ਦੀ ਲਹਿਰ ਹੈ। ਸਮੂਹ ਸਾਥੀ ਉਦਾਸ ਹਨ। ਉਹ ਬੜੇ ਹੀ ਧੜੱਲੇਦਾਰ ਆਗੂ ਸਨ।
ਸਾਥੀ ਸੁਖਦੇਵ ਸਿੰਘ ਬੜੀ ਨੇ ਲੰਮਾ ਸਮਾਂ ਪੰਜਾਬ ਸੁਬਾਰਡੀਨੇਟ ਸਰਵਿਸਜ਼ ਫੈਡਰੇਸ਼ਨ (#1406/ 22ਬੀ, ਚੰਡੀਗੜ੍ਹ) ਅਤੇ ਗੌਰਮਿੰਟ ਟੀਚਰਜ਼ ਯੂਨੀਅਨ ਦੇ ਸੂਬਾਈ ਪ੍ਰਧਾਨ ਤੇ ਕੁਲ ਹਿੰਦ ਸਰਕਾਰੀ ਕਰਮਚਾਰੀ ਫੈਡਰੇਸ਼ਨ ਦੇ ਮੀਤ ਪ੍ਰਧਾਨ ਵਜੋਂ ਅਨੇਕਾਂ ਜੇਤੂ ਘੋਲਾਂ ਦੀ ਅਗਵਾਈ ਕੀਤੀ।
ਪਰ ਸਾਥੀ ਬੜੀ ਦੀ ਸਖਸ਼ੀਅਤ ਦਾ ਸਭ ਤੋਂ ਮਹਤਵਪੂਰਨ ਪੱਖ ਇਹ ਹੈ ਕਿ ਉਨ੍ਹਾਂ ਦੀਆਂ ਸੰਗਰਾਮੀ ਸਰਗਰਮੀਆਂ ਦਾ ਦਾਇਰਾ ਕੇਵਲ ਮੁਲਾਜ਼ਮ ਘੋਲਾਂ ਤੱਕ ਹੀ ਸੀਮਤ ਨਹੀਂ ਸੀ ਬਲਕਿ ਉਹ ਸਮੁੱਚੇ ਮਿਹਨਤਕਸ਼ ਲੋਕਾਂ ਦੇ ਹਰਮਨ ਪਿਆਰੇ ਆਗੂ ਵਜੋਂ ਜਾਣੇ ਜਾਂਦੇ ਸਨ।
ਸੰਗਰੂਰ-ਬਰਨਾਲਾ ਜਿਲ੍ਹਿਆਂ ਅੰਦਰ ਵਾਪਰੀਆਂ ਅਨੇਕਾਂ ਜਬਰ-ਜ਼ੁਲਮ ਅਤੇ ਜ਼ਿਆਦਤੀ ਦੀਆਂ ਵਾਰਦਾਤਾਂ ਖਿਲਾਫ਼ ਲੜੇ ਗਏ ਬੇਸ਼ੁਮਾਰ ਘੋਲਾਂ ਦੀ ਉਨ੍ਹਾਂ ਬੇਖੌਫ-ਮਿਸਾਲੀ ਅਗਵਾਈ ਕੀਤੀ। ਪਰਿਵਾਰਕ ਸੂਤਰਾਂ ਮੁਤਾਬਿਕ ਉਨ੍ਹਾਂ ਨੂੰ ਬੀਤੇ ਦਿਨ ਡੀਐਮਸੀ ਲਿਆਂਦਾ ਗਿਆ ਸੀ, ਜਿੱਥੇ ਅੱਜ ਉਨ੍ਹਾਂ ਦੀ ਮੌਤ ਹੋ ਗਈ।
ਸਾਥੀ ਸੁਖਦੇਵ ਸਿੰਘ ਬੜੀ ਦੇ ਦੇਹਾਂਤ 'ਤੇ ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ( ਆਰ ਐਮ ਪੀ ਆਈ)ਦੇ ਜਨਰਲ ਸਕੱਤਰ ਸਾਥੀ ਮੰਗਤ ਰਾਮ ਪਾਸਲਾ, ਕੇਂਦਰੀ ਸਟੈਂਡਿੰਗ ਕਮੇਟੀ ਦੇ ਮੈਂਬਰ ਸਾਥੀ ਹਰਕੰਵਲ ਸਿੰਘ, ਪਾਰਟੀ ਦੀ ਪੰਜਾਬ ਰਾਜ ਕਮੇਟੀ ਦੇ ਪ੍ਰਧਾਨ ਤੇ ਐਕਟਿੰਗ ਸਕੱਤਰ ਸਾਥੀ ਰਤਨ ਸਿੰਘ ਰੰਧਾਵਾ ਤੇ ਪਰਗਟ ਸਿੰਘ ਜਾਮਾਰਾਏ, ਸੀਨੀਅਰ ਟਰੇਡ ਯੂਨੀਅਨਿਸਟ ਸਾਥੀ ਤ੍ਰਿਲੋਚਨ ਸਿੰਘ ਰਾਣਾ, ਸਾਥੀ ਵੇਦ ਪ੍ਰਕਾਸ਼ ਸ਼ਰਮਾ, ਪੰਜਾਬ ਸੁਬਾਰਡੀਨੇਟ ਸਰਵਿਸਜ਼ ਫੈਡਰੇਸ਼ਨ ਦੇ ਸੂਬਾਈ ਪ੍ਰਧਾਨ, ਸੀਨੀਅਰ ਮੀਤ ਪ੍ਰਧਾਨ ਤੇ ਸਕੱਤਰ ਸਾਥੀ ਸਤੀਸ਼ ਰਾਣਾ, ਕਰਮਜੀਤ ਸਿੰਘ ਬੀਹਲਾ ਅਤੇ ਤੀਰਥ ਸਿੰਘ ਬਾਸੀ, ਗੌਰਮਿੰਟ ਟੀਚਰਜ਼ ਯੂਨੀਅਨ ਦੇ ਸੂਬਾਈ ਪ੍ਰਧਾਨ ਤੇ ਸਕੱਤਰ ਸਾਥੀ ਹਰਿੰਦਰ ਸਿੰਘ ਚਾਹਲ ਤੇ ਕੁਲਦੀਪ ਸਿੰਘ ਦੌੜਕਾ, ਸਾਥੀ ਮਲਕੀਤ ਸਿੰਘ ਬਜੀਦਕੇ, ਅਮਰਜੀਤ ਸਿੰਘ ਕੁੱਕੂ, ਸਾਥੀ ਮਹੀਪਾਲ ਬਠਿੰਡਾ ਨੇ ਡੂੰਘੇ ਦੁੱਖ ਦਾ ਇਜ਼ਹਾਰ ਕਰਦਿਆਂ ਲੋਕ ਸੰਗਰਾਮਾਂ ਨੂੰ ਸਮਰਪਿਤ ਇਸ ਯੋਧੇ ਨੂੰ ਸੂਹੀ ਸ਼ਰਧਾਂਜਲੀ ਭੇਂਟ ਕੀਤੀ ਹੈ।
ਮਹੀਪਾਲ ( 99153-12806)
No comments:
Post a Comment