Monday, 21 June 2021

ਪਟਵਾਰ ਸਰਕਲਾਂ ਦਾ ਕੰਮ ਬੰਦ ਪਰ ਸਰਕਾਰ ਮਸਤ

ਸਰਕਾਰ ਦੇ ਅੜੀਅਲ ਰਵਈਏ ਕਾਰਨ ਪਟਵਾਰੀ ਅਤੇ ਕਾਨੂੰਗੋ ਰੋਸ ਵਿੱਚ 


ਫ਼ਿਰੋਜ਼ਪੁਰ
: 21 ਜੂਨ 2021: (ਮੁਲਾਜ਼ਮ ਸਕਰੀਨ ਬਿਊਰੋ)::

ਦੀ ਰੈਵੀਨਿਊ ਪਟਵਾਰ ਯੂਨੀਅਨ ਅਤੇ ਦੀ ਕਾਨੂੰਗੋ ਐਸ਼ੋਸੀਏਸ਼ਨ ਪੰਜਾਬ ਦੀ ਤਾਲਮੇਲ ਕਮੇਟੀ ਪੰਜਾਬ ਦੀ ਅਗਵਾਈ ਹੇਠਾਂ ਕੀਤੇ ਜਾ ਰਹੇ ਸੰਘਰਸ਼ ਮੁਤਾਬਕ ਵਿੱਤ ਮੰਤਰੀ ਪੰਜਾਬ ਦੇ ਸਰਕਾਰੀ ਮੁਲਾਜ਼ਮਾਂ ਪ੍ਰਤੀ ਅੜੀਅਲ ਰਵੱਈਏ ਦੇ ਕਾਰਨ ਵਿੱਤ ਮੰਤਰੀ ਦੇ ਆਪਣੇ ਜਿਲੇ ਬਠਿੰਡਾ ਵਿੱਚ ਮਿਤੀ 7 ਜੂਨ ਤੋਂ ਸਮੁੱਚੇ ਪਟਵਾਰੀਆਂ ਅਤੇ ਕਾਨੂੰਗੋਆਂ ਵੱਲੋਂ ਬਿਨਾਂ ਮਿਹਨਤਾਨੇ ਤੋਂ ਮਿਲੇ ਆਪਣੇ ਵਾਧੂ ਸਰਕਲਾਂ ਦਾ ਰਿਕਾਰਡ ਆਪਣੇ ਦਫਤਰ ਕਾਨੂੰਗੋ ਪਾਸ ਜਮਾਂ ਕਰਵਾਇਆ ਗਿਆ ਸੀ। ਜਿਸ ਅਨੁਸਾਰ ਬਠਿੰਡਾ ਜ਼ਿਲ੍ਹਾ ਦੇ 172 ਪਟਵਾਰ ਸਰਕਲਾਂ ਵਿਚੋਂ 63 ਵਾਧੂ ਪਟਵਾਰ ਸਰਕਲਾਂ ਦਾ ਕੰਮ ਮਿਤੀ 7/6/2021 ਤੋਂ ਹੀ ਬੰਦ ਹੈ ਪਰੰਤੂ ਫਿਰ ਵੀ ਸਰਕਾਰ ਦੇ ਕੰਨਾਂ ਤੇ ਜੂੰ ਤੱਕ ਨਹੀਂ ਸਰਕੀ। 

ਇਸ ਲਈ ਤੈਅ ਕੀਤੇ ਸੰਘਰਸ਼ ਦੇ ਪ੍ਰੋਗਰਾਮ ਮੁਤਾਬਿਕ ਮਿਤੀ 15 ਜੂਨ ਤੋਂ ਫਰੀਦਕੋਟ ਕਮਿਸ਼ਨਰੀ ਅਧੀਨ ਆਉਂਦੇ ਜ਼ਿਲ੍ਹਿਆਂ, ਮਾਨਸਾ ਅਤੇ ਫਰੀਦਕੋਟ,ਦੇ ਪਟਵਾਰੀ ਅਤੇ ਕਾਨੂੰਗੋ ਸਹਿਬਾਨਾਂ ਵੱਲੋਂ ਵੀ ਵਾਧੂ ਸਰਕਲਾਂ ਦਾ ਕੰਮ ਬੰਦ ਕਰ ਦਿੱਤਾ ਗਿਆ ਸੀ।ਜਿਸ ਨਾਲ ਜ਼ਿਲ੍ਹਾ ਮਾਨਸਾ ਵਿੱਚ 3 ਕਾਨੂੰਗੋ ਸਰਕਲ ਤੇ 132  ਪਟਵਾਰ ਸਰਕਲਾਂ ਵਿੱਚੋਂ 83 ਪਟਵਾਰ ਸਰਕਲਾਂ ਦਾ ਕੰਮ ਬੰਦ ਕੀਤਾ ਗਿਆ,ਅਤੇ 155 ਪਿੰਡ ਪਟਵਾਰੀ ਤੋਂ ਸੱਖਣੇ ਹੋ ਗਏ ਹਨ।ਜ਼ਿਲ੍ਹਾ ਫਰੀਦਕੋਟ ਦੇ ਵਿੱਚ 3 ਕਾਨੂੰਗੋ ਸਰਕਲ ਅਤੇ ਕੁੱਲ 88 ਪਟਵਾਰ ਸਰਕਲਾਂ ਵਿੱਚੋਂ 56 ਪਟਵਾਰ ਸਰਕਲਾਂ( ਲਗਭਗ 116 ਪਿੰਡਾਂ) ਦਾ ਕੰਮ ਮਿਤੀ15/6/2021 ਤੋਂ ਬੰਦ ਪਿਆ ਹੈ।ਫੇਰ ਵੀ ਸਰਕਾਰ ਨੇ ਹਾਲੇ ਤੱਕ ਪਟਵਾਰੀਆਂ/ਕਾਨੂੰਗੋਆਂ ਦੀਆਂ ਹੱਕੀ ਮੰਗਾਂ ਵੱਲ ਕੋਈ ਗੌਰ ਨਹੀਂ ਕੀਤੀ।

ਇਸ ਮੌਕੇ  ਸੰਤੋਖ ਸਿੰਘ ਤੱਖੀ ਜ਼ਿਲ੍ਹਾ ਪ੍ਰਧਾਨ , ਗੁਰਦੀਪ ਸਿੰਘ ਨੁਮਾਇੰਦਾ ਪੰਜਾਬ , ਰਾਕੇਸ਼ ਅਗਰਵਾਲ ਜਨਰਲ ਸਕੱਤਰ, ਰਮੇਸ਼ ਢੀਂਗਰਾ ਖਜਾਨਚੀ ਕਾਨੂੰਗੋ ਐਸੋਸੀਏਸ਼ਨ ਪੰਜਾਬ , ਜਸਬੀਰ ਸਿੰਘ ਸੈਣੀ ਪ੍ਰਧਾਨ , ਏਕਮ ਸਿੰਘ ਨੁਮਾਇੰਦਾ ਪੰਜਾਬ , ਰਾਕੇਸ਼ ਕਪੂਰ ਜਨਰਲ ਸਕੱਤਰ ,ਨਿਸ਼ਾਨ ਸਿੰਘ ਖਜਾਨਚੀ ਦੀ ਰੈਵੀਨਿਊ ਪਟਵਾਰ ਯੂਨੀਅਨ ਜ਼ਿਲ੍ਹਾ ਫ਼ਿਰੋਜ਼ਪੁਰ ਨੇ ਇਸ ਬਾਰੇ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਮੁੱਚੇ ਪੰਜਾਬ ਵਿੱਚ ਪਟਵਾਰੀਆਂ ਦੀਆਂ ਕੁੱਲ 4716 ਅਸਾਮੀਆਂ ਹਨ ਜਿਸ ਉਪਰ ਅੱਜ ਦੀ ਤਰੀਕ ਵਿੱਚ ਸਿਰਫ 1995 ਪਟਵਾਰੀ ਕੰਮ ਕਰ ਰਹੇ ਹਨ, ਇਸ ਤਰ੍ਹਾਂ ਉਹਨਾਂ ਉਪਰ ਮੌਜੂਦਾ ਸਮੇਂ ਦੌਰਾਨ 2721 ਪਟਵਾਰ ਸਰਕਲਾਂ ਦਾ ਵਾਧੂ ਬੋਝ ਹੈ।ਇਸੇ ਤਰ੍ਹਾਂ 661 ਅਸਾਮੀਆਂ ਕਾਨੂੰਗੋਆਂ ਦੀਆਂ ਹਨ ਜ਼ਿਹਨਾ ਵਿੱਚੋਂ 500 ਕਾਨੂੰਗੋ ਇਸ ਵਕਤ ਹਾਜ਼ਰ ਹਨ ਤੇ ਲਗਭਗ 161 ਅਸਾਮੀਆਂ ਖਾਲੀ ਹਨ ਤੇ ਵਾਧੂ ਬੋਝ ਮੌਜੂਦਾ ਕਾਨੂੰਗੋਆਂ ‘ਤੇ ਹੈ ।ਉਨ੍ਹਾਂ ਦੱਸਿਆ ਕਿ ਸਰਕਾਰ ਨੇ ਦਸੰਬਰ 2016 ਵਿੱਚ 1227 ਮਾਲ ਪਟਵਾਰੀਆਂ ਨੂੰ ਨਿਯੁਕਤੀ ਪੱਤਰ ਦਿੱਤੇ ਸਨ। ਫਿਰ ਚੋਣ ਜਾਬਤਾ ਲੱਗਣ ਕਾਰਨ ਦਿਸੰਬਰ 2016 ਤੋਂ ਮਈ 2017 ਤੱਕ ਇਹਨਾਂ ਪਟਵਾਰੀਆਂ ਨੂੰ ਸਰਕਾਰ ਨੇ ਅਸਥਾਈ ਤੌਰ ਤੇ ਵੋਟਾਂ ਜਾਂ ਹੋਰ ਕੰਮਾਂ ਵਿੱਚ ਲਗਾ ਕੇ ਰੱਖਿਆ। ਇਸ ਸਮੇਂ ਦੌਰਾਨ ਇਹਨਾਂ ਪਟਵਾਰੀਆਂ ਨੂੰ ਕੋਈ ਮਿਹਨਤਾਨਾ ਨਹੀਂ ਦਿੱਤਾ ਗਿਆ। ਫਿਰ ਮਈ 2017 ਤੋਂ ਦਸੰਬਰ 2018 ਤੱਕ ਇਹਨਾਂ ਪਟਵਾਰੀਆਂ ਨੂੰ ਡੇਢ ਸਾਲ ਦੀ ਟ੍ਰੇਨਿੰਗ ਦਿੱਤੀ ਗਈ। ਇਸ ਸਮੇਂ ਦੌਰਾਨ ਪਟਵਾਰੀਆਂ ਨੂੰ 5000 ਰੁਪੇ ਮਹੀਨਾ ਦਿੱਤਾ ਗਿਆ। ਫਿਰ ਦਸੰਬਰ 2018 ਤੋਂ ਇਹਨਾਂ ਪਟਵਾਰੀਆਂ ਦਾ ਤਿੰਨ ਸਾਲ ਦਾ ਪਰੋਬੇਸ਼ਨ ਸ਼ੁਰੂ ਹੋਇਆ ਜੋ ਕਿ ਦਸੰਬਰ 2021ਵਿੱਚ ਜਾ ਕੇ ਪੂਰਾ ਹੋਵੇਗਾ। ਨਿਯੁਕਤੀ ਪੱਤਰ ਮਿਲਣ ਤੋਂ ਲਗਭਗ ਸਾਢੇ ਚਾਰ ਸਾਲ ਬਾਅਦ ਵੀ ਇਹ ਪਟਵਾਰੀ ਹਾਲੇ ਤੱਕ ਪੱਕੇ ਨਹੀਂ ਹੋਏ ਹਨ ਅਤੇ ਲਗਭਗ ਦਸ ਹਜਾਰ ਦੀ ਨਿਗੁਣੀ ਤਨਖਾਹ ਤੇ ਆਪਣੇ ਕੰਮ ਨਾਲੋਂ ਦੁੱਗਣਾ ਤਿੱਗਣਾ ਕੰਮ ਕਰਦੇ ਹੋਏ ਆਪਣਾ ਸ਼ੋਸ਼ਣ ਕਰਵਾ ਰਹੇ ਹਨ,ਜੋ ਕਿ ਕਿਸੇ ਕਾਨੂੰਨ ਵਿੱਚ ਨਹੀਂ ਹੈ। 

ਪਟਵਾਰੀ ਕਾਨੂੰਗੋ ਆਗੂਆਂ ਨੇ ਦੱਸਿਆ ਕਿ ਸਰਕਾਰ ਦੇ ਇਸ ਸ਼ੋਸ਼ਣ ਨੂੰ ਨਾ ਸਹਿੰਦੇ ਹੋਏ 1227 ਵਿੱਚੋਂ ਲਗਭਗ 400 ਪਟਵਾਰੀ ਇਸ ਨੌਕਰੀ ਨੂੰ ਅਲਵਿਦਾ ਕਹਿ ਚੁੱਕੇ ਹਨ।  ਇਹਨਾਂ 1227 ਮਾਲ ਪਟਵਾਰੀਆਂ ਦੇ ਨਾਲ ਹੀ ਨਿਯੁਕਤ ਹੋਏ ਨਹਿਰੀ ਪਟਵਾਰੀ ( ਜਿਹਨਾਂ ਦੀ ਟ੍ਰੇਨਿੰਗ ਤਿੰਨ ਮਹੀਨੇ ਦੀ ਸੀ ) ਨੂੰ ਪੱਕੇ ਹੋਇਆਂ ਸਾਲ ਤੋਂ ਉੱਪਰ ਦਾ ਸਮਾਂ ਹੋ ਚੁੱਕਾ ਹੈ। ਇਸ ਲਈ ਪੰਜਾਬ ਪ੍ਰਧਾਨ ਨੇ ਮੰਗ ਕੀਤੀ ਕਿ ਨਵੇੰ ਭਰਤੀ 1227 ਪਟਵਾਰੀਆਂ ਦੀ ਪਟਵਾਰ ਟ੍ਰੇਨਿੰਗ ਦੇ ਡੇਢ ਸਾਲ ਨੂੰ ਪਰਖ ਕਾਲ ਵਿੱਚ ਸ਼ਾਮਿਲ ਕੀਤਾ ਜਾਣਾ ਚਾਹੀਦਾ ਹੈ ਅਤੇ ਪਟਵਾਰੀ ਭਰਤੀ ਪ੍ਰਕਿਰਿਆ 5 ਸਤੰਬਰ 2016 ਤੋਂ ਪਹਿਲਾਂ ਸ਼ੁਰੂ ਹੋਣ ਕਰਕੇ ਨਵੇਂ ਪਟਵਾਰੀਆਂ ਦਾ ਪਰੋਬੇਸ਼ਨ ਦਾ ਸਮਾਂ ਤਿੰਨ ਸਾਲ ਤੋਂ ਦੋ ਸਾਲ ਹੋਣਾ ਚਾਹੀਦਾ ਹੈ। 

ਮੁਲਾਜ਼ਮ ਆਗੂਆਂ ਨੇ ਦੱਸਿਆ ਕਿ ਉਹਨਾਂ ਨੇ ਪਿਛਲੇ ਸਾਲ ਕਰੜਾ ਸ਼ੰਘਰਸ਼ ਕਰਕੇ ਪੰਜਾਬ ਲੋਕ ਸੇਵਾ ਕਮਿਸ਼ਨ ਤੋਂ ਪੱਤਰ ਨੰਬਰ ਆਰ.ਐਸ./71/1985/ਅ-8/3144 ਮਿਤੀ 10-12-2020 ਰਾਹੀਂ ਨਵੇਂ ਭਰਤੀ 1227 ਪਟਵਾਰੀਆਂ ਦੀ 18 ਮਹੀਨੇ ਦੀ ਟ੍ਰੇਨਿੰਗ ਨੂੰ ਪਰਖ ਕਾਲ ਵਿੱਚ ਸ਼ਾਮਿਲ ਕਰਨ ਲਈ ਮਨਜੂਰੀ ਲੈ ਲਈ ਹੈ ਪ੍ਰੰਤੂ ਵਿੱਤ ਮੰਤਰੀ ਪੰਜਾਬ ਇਸ ਨੂੰ ਅੰਤਿਮ ਮਨਜੂਰੀ ਨਹੀਂ ਦੇ ਰਹੇ ਹਨ। ਉਹਨਾਂ ਦੱਸਿਆ ਕਿ ਜਿੱਥੇ ਸਰਕਾਰ ਨਵੇਂ ਪਟਵਾਰੀਆਂ ਦਾ ਸ਼ੋਸ਼ਣ ਕਰ ਰਹੀ ਹੈ ਉੱਥੇ ਹੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਪਿਛਲੇ ਦਿਨੀਂ ਕੈਬਨਿਟ ਮੀਟਿੰਗ ਵਿੱਚ ਅਰਜੁਨ ਬਾਜਵਾ ਨੂੰ ਇੰਸਪੈਕਟਰ ਅਤੇ ਭੀਸ਼ਮ ਪਾਂਡੇ ਨੂੰ ਤਹਿਸੀਲਦਾਰ ਵਜੋਂ ਨੌਕਰੀ ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ। ਹਾਲਾਂਕਿ ਨੌਕਰੀ ਲੈਣ ਵਾਲੇ ਦੋਵੇਂ ਨੌਜਵਾਨ ਚੰਗੇ ਅਤੇ ਸਮ੍ਰਿੱਧ ਪਰਿਵਾਰ ਨਾਲ ਤਾਲੁੱਕ ਰੱਖਦੇ ਹਨ। ਦੋਵਾਂ ਨੌਜਵਾਨਾਂ ਦੇ ਪਿਤਾ ਕਾਂਗਰਸ ਸਰਕਾਰ 'ਚ ਵਿਧਾਇਕ ਵੀ ਹਨ। 

ਵਤਨ ਸਿੰਘ ,ਜਗਸੀਰ ਸਿੰਘ ਭਗਵਾਨ ਸਿੰਘ ਤਹਿਸੀਲ ਪ੍ਰਧਾਨ ਨੇ ਬੀਤੇ ਦਿਨੀ ਪੰਜਾਬ ਸਰਕਾਰ ਵੱਲੋਂ 6ਵੇਂ ਪੇਅ ਕਮਿਸ਼ਨ ਦੀ ਲਾਗੂ ਕੀਤੀ ਰਿਪੋਰਟ ਦੀ ਵੀ ਨਿੰਦਾ ਕੀਤੀ। ਉਹਨਾਂ ਕਿਹਾ ਕਿ ਇਹ ਪੰਜਾਬ ਸਰਕਾਰ ਦੁਆਰਾ ਮੁਲਾਜਮਾਂ ਦੀ ਪਿੱਠ ਵਿੱਚ ਛੁਰਾ ਮਾਰਨ ਵਾਲੀ ਗੱਲ ਹੈ। ਰਿਪੋਰਟ ਵਿੱਚ ਜਿਆਦਾਤਰ ਭੱਤੇ ਖਤਮ ਕਰ ਦਿੱਤੇ ਗਏ ਹਨ। ਉਹਨਾਂ ਕਿਹਾ ਕਿ ਨਿਯਮਾਂ ਮੁਤਾਬਿਕ ਪਟਵਾਰੀ ਦੀ ਅਸਾਮੀ ਇੱਕ ਟੈਕਨੀਕਲ ਅਸਾਮੀ ਹੈ। ਪਰੰਤੂ ਕਲਾਸ-3 ਵਿੱਚ ਪਟਵਾਰੀ 3200 ਗ੍ਰੇਡ ਪੇਅ ਨਾਲ ਸਭ ਤੋਂ ਘੱਟ ਤਨਖਾਹ ਲੈ ਰਹੇ ਹਨ। ਉਹਨਾਂ ਮਾਲ ਪਟਵਾਰੀਆਂ ਲਈ ਟੈਕਨੀਕਲ ਗ੍ਰੇਡ ਪੇਅ ਦੀ ਮੰਗ ਕੀਤੀ।

ਪਟਵਾਰੀ ਕਾਨੂੰਗੋ ਆਗੂਆਂ ਨੇ ਦੱਸਿਆ ਕਿ ਪੰਜਾਬ ਸਰਕਾਰ ਪਟਵਾਰੀਆਂ ਦੀਆਂ ਹੋਰ ਹੱਕੀ ਮੰਗਾਂ ਜਿਵੇਂ ਸਾਲ1996 ਤੋਂ ਸੀਨੀਅਰ ਜੂਨੀਅਰ ਪਟਵਾਰੀਆਂ ਦੀ ਪੇਅ ਅਨਾਮਲੀ ਦੂਰ ਕਰਨਾ,ਪਟਵਾਰਖਾਨਿਆਂ ਨੂੰ ਸਹੂਲਤਾਂ ਮੁਤਾਬਿਕ ਅਪਡੇਟ ਕਰਨਾ ਤੇ ਨਵੇਂ ਪਟਵਾਰ ਖਾਨੇ ਬਣਵਾਉਣਾ,ਪਟਵਾਰੀਆਂ ਨੂੰ ਦਫਤਰੀ ਕੰਮ ਲਈ ਲੈਪਟਾਪ ਮੁਹੱਈਆ ਕਰਾਉਣੇ, ਪਟਵਾਰੀਆਂ ਦੇ ਦਫਤਰੀ ਭੱਤੇ ਨੂੰ ਵਧਾਉਣਾ, ਪਟਵਾਰੀਆਂ ਦੀ ਘਾਟ ਕਾਰਨ ਜਲਦ ਤੋਂ ਜਲਦ ਨਵੀਂ ਭਰਤੀ ਕਰਨਾ ਆਦਿ ਮੰਗਾਂ ਨੂੰ ਕਰੋਨਾ ਦੀ ਆੜ ਵਿੱਚ ਅਣਗੌਲਿਆ ਕਰ ਰਹੀ ਹੈ। 

ਸੇਵਾ ਮੁਕਤ ਆਗੂਆਂ ਹਰਮੀਤ ਵਿਦਿਆਰਥੀ ਦਲੀਪ ਸਿੰਘ ਜਗਦੀਸ਼ ਸਿੰਘ , ਜਸਵੰਤ ਸਿੰਘ ਆਦਿ ਨੇ ਕਿਹਾ ਕਿ ਕਾਨੂੰਗੋ ਤੋਂ ਨਾਇਬ ਤਹਿਸੀਲਦਾਰ ਦੀ ਪ੍ਰੋਮੋਸ਼ਨ ਦਾ ਕੋਟਾ 100% ਕੀਤਾ ਜਾਵੇ ਤੇ ਪਟਵਾਰ ਦੌਰਾਨ ਪਾਸ ਕੀਤੇ ਪੇਪਰ ਵਿਚੋਂ ਛੋਟ ਵੀ ਦਿੱਤੀ ਜਾਵੇ। 7 ਪਟਵਾਰ ਸਰਕਲਾ ਪਿੱਛੇ ਇੱਕ ਕਾਨੂੰਗੋ ਦੀ ਤਜਵੀਜ ਜੋ ਮਨਜ਼ੂਰ ਹੋ ਚੁੱਕੀ ਪਰ ਸਰਕਾਰ ਇਸਨੂੰ ਲਾਗੂ ਨਹੀ ਕਰ ਰਹੀ ਹੈ ਇਸ ਮੌਕੇ ਉਹਨਾਂ ਨੇ ਸਰਕਾਰ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ 21 ਜੂਨ ਤੋ ਸਮੁੱਚੇ ਪੰਜਾਬ ਦੇ ਪਟਵਾਰੀ ਅਤੇ ਕਾਨੂੰਗੋ ਸਹਿਬਾਨਾਂ ਵੱਲੋਂ ਵਾਧੂ ਸਰਕਲਾਂ ਦਾ ਕੰਮ ਬੰਦ ਕਰ ਦਿੱਤਾ ਜਾਵੇਗਾ ਜਿਸ ਨਾਲ ਤਕਰੀਬਨ ਅੱਧ ਤੋਂ ਵੱਧ ਪਿੰਡਾਂ ਦਾ ਕੰਮ ਬੰਦ ਹੋ ਜਾਵੇਗਾ। ਮੁੱਖ ਮੰਤਰੀ ਸਾਹਿਬ ਦੇ ਆਪਣੇ ਜ਼ਿਲ੍ਹੇ ਪਟਿਆਲਾ ਵਿੱਚ ਹੀ ਲਗਭਗ 259 ਪਟਵਾਰ ਸਰਕਲਾਂ ਵਿੱਚੋਂ 111 ਪਟਵਾਰ ਸਰਕਲ ਤੇ 7 ਕਾਨੂੰਗੋ ਸਰਕਲ ਬਿਨ੍ਹਾਂ ਪਟਵਾਰੀ ਤੇ ਕਾਨੂੰਗੋ ਦੇ ਹੋ ਜਾਣਗੇ ਅਤੇ ਤਕਰੀਬਨ 405 ਪਿੰਡਾਂ ਦਾ ਕੰਮ ਮੁਕੰਮਲ ਤੌਰ ‘ਤੇ ਬੰਦ ਹੋ ਜਾਵੇਗਾ ਅਤੇ ਇਹ ਉਦੋਂ ਤੱਕ ਬੰਦ ਰਹੇਗਾ ਜਦੋਂ ਤੱਕ ਸਰਕਾਰ ਸਾਡੀਆਂ ਮੰਗਾਂ ਨੂੰ ਪ੍ਰਵਾਨ ਨਹੀਂ ਕਰਦੀ। ਚਾਹੇ ਉਹਨਾਂ ਨੂੰ ਕਿੰਨਾ ਹੀ ਚਿਰ ਕੰਮ ਬੰਦ ਕਿਉਂ ਨਾ ਕਰਨਾ ਪਵੇ। ਇਸ ਨਾਲ ਲੋਕਾਂ ਨੂੰ ਜੋ ਵੀ ਮੁਸ਼ਕਿਲ ਪੇਸ਼ ਆਵੇਗੀ ਉਸਦੇ ਪੂਰੇ ਜਿੰਮੇਵਾਰ ਪੰਜਾਬ ਸਰਕਾਰ ਅਤੇ ਵਿੱਤ ਮੰਤਰੀ ਪੰਜਾਬ ਹੋਣਗੇ।

Saturday, 5 June 2021

ਸੁਖਦੇਵ ਸਿੰਘ ਬੜੀ ਸਦੀਵੀ ਵਿਛੋੜਾ ਦੇ ਗਏ

 ਉੱਘੇ ਟਰੇਡ ਯੂਨੀਅਨਿਸਟ,ਨਿਧੜਕ ਅਤੇ ਨਿਰਵਿਵਾਦ ਆਗੂ ਰਹੇ

ਲੁਧਿਆਣਾ//ਜਲੰਧਰ: 5 ਜੂਨ 2021: (ਮਹੀਪਾਲ//ਮੁਲਾਜ਼ਮ ਸਕਰੀਨ)::

ਇੱਕ ਹੋਰ ਜੇਤੂ ਜਰਨੈਲ ਤੁਰ ਗਿਆ ਹੈ। ਆਪਣੇ ਸਮਿਆਂ ਦੌਰਾਨ ਸੁਖਦੇਵ ਸਿੰਘ ਬੜੀ ਇੱਕ ਚੜ੍ਹਦੀਕਲਾ ਵਾਲਾ ਆਗੂ ਸੀ। ਸਾਥੀਉ ਮਹੀਪਾਲ ਅਤੇ ਹੋਰਨਾਂ ਨੇ ਦੱਸਿਆ ਹੈ ਕਿ ਉਹ ਹੁਣ ਨਹੀਂ ਰਹੇ। ਪਰਿਵਾਰਿਕ ਸੂਤਰਾਂ ਨੇ ਵੀ ਇਸ ਗੱਲ ਦੀ ਪੁਸ਼ਟੀ ਕੀਤੀ ਕਿ ਉਹਨਾਂ ਲੁਧਿਆਣਾ ਦੇ ਡੀਐਮਸੀ ਹਸਪਤਾਲ ਵਿੱਚ ਆਖ਼ਿਰੀ ਸਾਹ ਲਿਆ। ਉਹਨਾਂ ਦੇ ਇਸ ਸਦੀਵੀ ਵਿਛੋੜੇ ਮਗਰੋਂ ਟ੍ਰੇਡ ਯੂਨੀਅਨ ਸੰਗਠਨਾਂ ਵਿੱਚ ਸੋਗ ਦੀ ਲਹਿਰ ਹੈ। ਸਮੂਹ ਸਾਥੀ ਉਦਾਸ ਹਨ। ਉਹ ਬੜੇ ਹੀ ਧੜੱਲੇਦਾਰ ਆਗੂ ਸਨ।

ਸਾਥੀ ਸੁਖਦੇਵ ਸਿੰਘ ਬੜੀ ਨੇ ਲੰਮਾ ਸਮਾਂ ਪੰਜਾਬ ਸੁਬਾਰਡੀਨੇਟ ਸਰਵਿਸਜ਼ ਫੈਡਰੇਸ਼ਨ (#1406/ 22ਬੀ, ਚੰਡੀਗੜ੍ਹ) ਅਤੇ ਗੌਰਮਿੰਟ ਟੀਚਰਜ਼ ਯੂਨੀਅਨ ਦੇ ਸੂਬਾਈ ਪ੍ਰਧਾਨ ਤੇ ਕੁਲ ਹਿੰਦ ਸਰਕਾਰੀ ਕਰਮਚਾਰੀ ਫੈਡਰੇਸ਼ਨ ਦੇ ਮੀਤ ਪ੍ਰਧਾਨ ਵਜੋਂ ਅਨੇਕਾਂ ਜੇਤੂ ਘੋਲਾਂ ਦੀ ਅਗਵਾਈ ਕੀਤੀ।
ਪਰ ਸਾਥੀ ਬੜੀ ਦੀ ਸਖਸ਼ੀਅਤ ਦਾ ਸਭ ਤੋਂ ਮਹਤਵਪੂਰਨ ਪੱਖ ਇਹ ਹੈ ਕਿ ਉਨ੍ਹਾਂ ਦੀਆਂ ਸੰਗਰਾਮੀ ਸਰਗਰਮੀਆਂ ਦਾ ਦਾਇਰਾ ਕੇਵਲ ਮੁਲਾਜ਼ਮ ਘੋਲਾਂ ਤੱਕ ਹੀ ਸੀਮਤ ਨਹੀਂ ਸੀ ਬਲਕਿ ਉਹ ਸਮੁੱਚੇ ਮਿਹਨਤਕਸ਼ ਲੋਕਾਂ ਦੇ ਹਰਮਨ ਪਿਆਰੇ ਆਗੂ ਵਜੋਂ ਜਾਣੇ ਜਾਂਦੇ ਸਨ।
ਸੰਗਰੂਰ-ਬਰਨਾਲਾ ਜਿਲ੍ਹਿਆਂ ਅੰਦਰ ਵਾਪਰੀਆਂ ਅਨੇਕਾਂ ਜਬਰ-ਜ਼ੁਲਮ ਅਤੇ ਜ਼ਿਆਦਤੀ ਦੀਆਂ ਵਾਰਦਾਤਾਂ ਖਿਲਾਫ਼ ਲੜੇ ਗਏ ਬੇਸ਼ੁਮਾਰ ਘੋਲਾਂ ਦੀ ਉਨ੍ਹਾਂ ਬੇਖੌਫ-ਮਿਸਾਲੀ ਅਗਵਾਈ ਕੀਤੀ। ਪਰਿਵਾਰਕ ਸੂਤਰਾਂ ਮੁਤਾਬਿਕ ਉਨ੍ਹਾਂ ਨੂੰ ਬੀਤੇ ਦਿਨ ਡੀਐਮਸੀ ਲਿਆਂਦਾ ਗਿਆ ਸੀ, ਜਿੱਥੇ ਅੱਜ ਉਨ੍ਹਾਂ ਦੀ ਮੌਤ ਹੋ ਗਈ।
ਸਾਥੀ ਸੁਖਦੇਵ ਸਿੰਘ ਬੜੀ ਦੇ ਦੇਹਾਂਤ 'ਤੇ ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ( ਆਰ ਐਮ ਪੀ ਆਈ)ਦੇ ਜਨਰਲ ਸਕੱਤਰ ਸਾਥੀ ਮੰਗਤ ਰਾਮ ਪਾਸਲਾ, ਕੇਂਦਰੀ ਸਟੈਂਡਿੰਗ ਕਮੇਟੀ ਦੇ ਮੈਂਬਰ ਸਾਥੀ ਹਰਕੰਵਲ ਸਿੰਘ, ਪਾਰਟੀ ਦੀ ਪੰਜਾਬ ਰਾਜ ਕਮੇਟੀ ਦੇ ਪ੍ਰਧਾਨ ਤੇ ਐਕਟਿੰਗ ਸਕੱਤਰ ਸਾਥੀ ਰਤਨ ਸਿੰਘ ਰੰਧਾਵਾ ਤੇ ਪਰਗਟ ਸਿੰਘ ਜਾਮਾਰਾਏ, ਸੀਨੀਅਰ ਟਰੇਡ ਯੂਨੀਅਨਿਸਟ ਸਾਥੀ ਤ੍ਰਿਲੋਚਨ ਸਿੰਘ ਰਾਣਾ, ਸਾਥੀ ਵੇਦ ਪ੍ਰਕਾਸ਼ ਸ਼ਰਮਾ, ਪੰਜਾਬ ਸੁਬਾਰਡੀਨੇਟ ਸਰਵਿਸਜ਼ ਫੈਡਰੇਸ਼ਨ ਦੇ ਸੂਬਾਈ ਪ੍ਰਧਾਨ, ਸੀਨੀਅਰ ਮੀਤ ਪ੍ਰਧਾਨ ਤੇ ਸਕੱਤਰ ਸਾਥੀ ਸਤੀਸ਼ ਰਾਣਾ, ਕਰਮਜੀਤ ਸਿੰਘ ਬੀਹਲਾ ਅਤੇ ਤੀਰਥ ਸਿੰਘ ਬਾਸੀ, ਗੌਰਮਿੰਟ ਟੀਚਰਜ਼ ਯੂਨੀਅਨ ਦੇ ਸੂਬਾਈ ਪ੍ਰਧਾਨ ਤੇ ਸਕੱਤਰ ਸਾਥੀ ਹਰਿੰਦਰ ਸਿੰਘ ਚਾਹਲ ਤੇ ਕੁਲਦੀਪ ਸਿੰਘ ਦੌੜਕਾ, ਸਾਥੀ ਮਲਕੀਤ ਸਿੰਘ ਬਜੀਦਕੇ, ਅਮਰਜੀਤ ਸਿੰਘ ਕੁੱਕੂ, ਸਾਥੀ ਮਹੀਪਾਲ ਬਠਿੰਡਾ ਨੇ ਡੂੰਘੇ ਦੁੱਖ ਦਾ ਇਜ਼ਹਾਰ ਕਰਦਿਆਂ ਲੋਕ ਸੰਗਰਾਮਾਂ ਨੂੰ ਸਮਰਪਿਤ ਇਸ ਯੋਧੇ ਨੂੰ ਸੂਹੀ ਸ਼ਰਧਾਂਜਲੀ ਭੇਂਟ ਕੀਤੀ ਹੈ।
ਮਹੀਪਾਲ ( 99153-12806)

Thursday, 27 May 2021

ਸਰਕਾਰ ਦੀਆਂ ਮੁਲਾਜ਼ਮ ਵਿਰੋਧੀ ਨੀਤੀਆਂ ਵਿਰੁਧ ਤਿੱਖਾ ਰੋਸ ਅਤੇ ਰੋਹ

Thursday: 27th May 2021 at 6:19 PM

ਪੰਜਾਬ ਦੇ ਦਫਤਰਾਂ ਵਿੱਚ ਕਾਲੇ ਬਿਲੇ ਲਾਕੇ ਕੀਤਾ ਰੋਸ ਪ੍ਰਗਟ

ਸਾਂਝਾ ਮੁਲਾਜ਼ਮ ਫਰੰਟ ਦੇ ਆਗੂ ਏਡੀਸੀ ਮੋਹਾਲੀ ਤਰਸੇਮ ਚੰਦ ਨੂੰ  ਮੰਗ ਪੱਤਰ ਦਿੰਦੇ ਹੋਏ

ਮੋਹਾਲੀ
: 27 ਮਈ 2021: (ਗੁਰਜੀਤ ਬਿੱਲਾ//ਮੁਲਾਜ਼ਮ ਸਕਰੀਨ)::

ਸੱਤਾ ਤੇ ਕਿਸ ਨੂੰ ਬਿਠਾਉਣਾ ਹੈ ਇਸਦਾ ਫੈਸਲਾ ਲਗਾਤਾਰ ਕਈ ਦਹਾਕਿਆਂ ਤੋਂ ਕਿਰਤੀਆਂ ਕਾਮਿਆਂ ਦੀਆਂ ਵੋਟਾਂ ਹੀ ਕਰਦੀਆਂ ਆ ਰਹੀਆਂ ਹਨ। ਹਰ ਵਾਰ ਇਹਨਾਂ ਕਿਰਤੀਆਂ ਕਾਮਿਆਂ ਨਾਲ ਵਾਅਦੇ ਹੁੰਦੇ ਹਨ ਅਤੇ ਹਰ ਵਾਰ ਵਿੱਸਰ ਵੀ ਜਾਂਦੇ ਹਨ। ਇਹਨਾਂ ਨੂੰ ਹੱਡ ਭੰਨਵੀਂ ਮਿਹਨਤ ਕਰਨ ਮਗਰੋਂ ਵੀ ਆਪਣੀਆਂ ਹੱਕੀ ਮੰਗਾਂ ਲਈ ਸੰਘਰਸ਼ ਹੀ ਕਰਨੇ ਪੈਂਦੇ ਹਨ। ਇਹ ਸਿਲਸਿਲਾ ਦਹਾਕਿਆਂ ਤੋਂ ਜਾਰੀ ਹੈ। ਹੁਣ ਫਿਰ ਮੁਲਾਜ਼ਮਾਂ ਵਿੱਚ ਰੋਸ ਅਤੇ ਰੋਹ ਫੈਲਿਆ ਹੋਇਆ ਹੈ। 

ਪੰਜਾਬ ਤੇ ਯੂਟੀ ਇੰਪਲਾਈਜ਼ ਪੈਨਸ਼ਨ ਸਾਝਾ ਫਰੰਟ ਵੱਲੋਂ 20 ਤੋਂ 27 ਮਈ ਤੱਕ ਕਾਲੇ ਬਿੱਲੇ ਲਗਾਕੇ ਸਰਕਾਰ ਦੀ ਮੁਲਾਜਮ ਵਿਰੁੱਧੀ ਨੀਤੀ ਦੇ ਖਿਲਾਫ ਪੰਜਾਬ ਸਮੇਤ ਚੰਡੀਗੜ੍ਹ ਰੋਸ ਹਫਤਾ ਮਨਾਉਣ ਦੇ ਕੀਤੇ ਫੈਸਲੇ ਨੂੰ  ਮੁੱਖ ਰੱਖਦੇ ਪੰਜਾਬ ਤੇ ਯੂਟੀ ਸਾਝੀ ਐਕਸ਼ਨ ਕਮੇਟੀ ਅਤੇ ਪਸਸਫ ਵੱਲੋਂ ਦਿੱਤੇ ਸੱਦੇ ਤੇ ਮੁਲਾਜ਼ਮਾਂ ਨੇ ਕਾਲੇ ਬਿਲੇ ਲਾਕੇ ਰੋਸ ਪ੍ਰਗਟ ਕੀਤਾ ਗਿਆ। ਸਾਝੀ ਐਕਸ਼ਨ ਕਮੇਟੀ ਦੇ ਸੂਬਾ ਪ੍ਰਧਾਨ ਕਰਤਾਰ ਸਿੰਘ ਪਾਲ ਅਤੇ ਜਿਲ੍ਹਾ ਮੋਹਾਲੀ ਦੇ ਪ੍ਰਧਾਨ ਇੰਦਰਜੀਤ ਸਿੰਘ, ਮੁੱਖ ਦਫਤਰ ਖੇਤੀ ਭਵਨ ਪ੍ਰਧਾਨ ਧਰਮਵੀਰ ਸਿੰਘ ਅਤੇ ਵਰਕਿੰਗ ਵੂਮੈਨ ਦੀ ਪ੍ਰਧਾਨ ਪ੍ਰਵੀਨ ਕੁਮਾਰੀ, ਜਿਲ੍ਹਾ ਮੋਹਾਲੀ ਦੇ ਜਨਰਲ ਸਕੱਤਰ ਭੁਪਿੰਦਰ ਸਿੰਘ ਅਧਰੇੜਾ ਨੇ ਇਕ ਸਾਂਝੇ ਬਿਆਨ ਚ ਕਿਹਾ ਕਿ ਪੰਜਾਬ ਸਰਕਾਰ ਦੇ ਮੁੱਖ ਮੰਤਰੀ ਵੱਲੋਂ 2017 ਦੇ ਇਲੈਕਸਨਾਂ ਸਮੇਂ ਇਹ ਸਪੱਸ਼ਟ ਕਿਹਾ ਸੀ ਕਿ ਕਾਂਗਰਸ ਸਰਕਾਰ ਬਣਨ ਤੇ ਪਹਿਲੇ ਨੰਬਰ ਤੇ ਪੇ-ਕਮਿਸ਼ਨ ਦੀ ਰਿਪੋਰਟ ਲੈ ਕੇ ਲਾਗੂ ਕਰਾਂਗਾ ਅਤੇ ਸਮੁੱਚੇ ਕੱਚੇ ਐਡਹਾਕ ਠੇਕੇ ਤੇ ਕੰਮ ਕਰ ਰਹੇ ਕਰਮਰਾਰੀਆਂ ਨੂੰ  ਰੈਗੂਲਰ ਕੀਤਾ ਜਾਵੇਗਾ ਅਤੇ ਹੋਰ ਮੰਗਾਂ ਦਾ ਨਿਪਟਾਰਾ ਵੀ ਜਲਦੀ ਕਰ ਦਿੱਤਾ ਜਾਵੇਗਾ। ਬੜੇ ਦੁੱਖ ਦੀ ਗੱਲ ਹੈ ਕਿ ਮੁਲਾਜ਼ਮਾਂ ਨੂੰ  ਕੁਝ ਦੇਣ ਦੀ ਬਜਾਏ ਉਲਟਾ ਤਨਖਾਹਾ ਵਿੱਚੋਂ ਵਿਕਾਸ ਟੈਕਸ ਦੇ ਨਾਂਅ ਤੇ 200 ਰੁਪਏ ਦੀ ਕਟੌਤੀ ਕਰਨੀ ਸੁਰੂ ਕਰ ਦਿੱਤੀ ਗਈ ਹੈ ਜੋ ਕਿ ਅੱਜ ਤੱਕ ਜਾਰੀ ਹੈ ਉਨ੍ਹਾਂ ਮੰਗ ਕੀਤੀ ਕੀ ਇਸ ਨੂੰ  ਵਾਪਿਸ ਲਿਆ ਜਾਵੇ। ਅੱਜ ਦੇ ਇਸ ਰੋਸ ਵਿੱਚ ਸ਼ਾਮਿਲ ਵੂਮੈਨ ਕਮੇਟੀ ਦੀ ਜਨਰਲ ਸਕੱਤਰ ਮੈਡਮਪ੍ਰਵੀਨ ਕੁਮਾਰੀ ਅਤੇ ਹੋਰ ਮੈਂਬਰ ਰਣਬੀਰ ਕੌਰ, ਸਤਵਿੰਦਰ ਕੌਰ, ਮਨਮੋਹਨ ਕੌਰ ਅਤੇ ਗੁਰਪ੍ਰੀਤ ਸਿੰਘ, ਗੁਰਦੀਪ ਸਿੰਘ, ਰਵੀ ਦੱਤ ਅਤੇ ਦਰਜਾ-4 ਦੇ ਚੇਅਰਮੈਨ ਜਸਵਿੰਦਰ ਸਿੰਘ, ਜ਼ਿਲ੍ਹਾ ਮੋਹਾਲੀ ਦੇ ਪ੍ਰਧਾਨ ਪ੍ਰੇਮ ਚੰਦ ਰਮਾ ਆਦਿ ਆਗੂਆ ਨੇ ਕਿਹਾ ਕਿ ਪੇ-ਕਮਿਸ਼ਨ ਦੀ ਰਿਪੋਰਟ ਜੱਥੇਬੰਦੀ ਵੱਲੋਂ ਦਿੱਤੇ ਮੰਗ ਪੱਤਰ ਅਨੁਸਾਰ 01-01 2016 ਤੋਂ ਘੱਟੋ ਘੱਟ 38 ਦੇ ਫਾਰਮੂਲੇ ਨਾਲ 26000 ਰੁਪਏ ਪ੍ਰਤੀ ਮਹੀਨੇ ਤੋਂ ਸ਼ੁਰੂ ਕਰਕੇ ਮਾਸਟਰ ਗ੍ਰੇਡ ਲਾਗੂ ਕਰਨ ਦੀ ਮੰਗ ਕੀਤੀ ਗਈ ਸੀ। ਯੂਨੀਅਨ ਆਗੂਆਂ ਵੱਲੋਂ ਇਸ ਸਬੰਧੀ ਐਡੀਸ਼ਨਲ ਡਿਪਟੀ ਕਮਿਸ਼ਨਰ ਮੋਹਾਲੀ ਤਰਸੇਮ ਚੰਦ ਨੂੰ  ਇਕ ਮੰਗ ਪੱਤਰ ਵੀ ਦਿਤਾ ਗਿਆ।  





Thursday, 4 March 2021

ਹਰਵਿੰਦਰ ਸਿੰਘ (ਕਾਲਾ) ਨੂੰ ਸੇਵਾ ਮੁਕਤ ਹੋਣ 'ਤੇ ਵਿਦਾਇਗੀ ਪਾਰਟੀ

ਬੀ.ਡੀ.ਪੀ.ਓ. ਦਫਤਰ ਲੁਧਿਆਣਾ  ਵਿਖੇ ਹੋਇਆ ਸਾਦਗੀ ਭਰਿਆ ਸਮਾਗਮ


ਲੁਧਿਆਣਾ: 4 ਮਾਰਚ 2021 (ਮੁਲਾਜ਼ਮ ਸਕਰੀਨ ਬਿਊਰੋ): 

ਜਦੋਂ ਕੋਈ ਮੁਲਾਜ਼ਮ ਰਿਟਾਇਰ ਹੁੰਦਾ ਹੈ ਤਾਂ ਇਹ ਉਸਦੀ ਜ਼ਿੰਦਗੀ ਦਾ ਇੱਕ ਅਹਿਮ ਦਿਨ ਹੁੰਦਾ ਹੈ। ਉਸਨੇ ਉਸ ਦਫਤਰ ਨੂੰ ਛੱਡਣਾ ਹੁੰਦਾ ਹੈ ਜਿਸ ਦੇ ਸੰਚਾਲਨ ਵਿੱਚ ਉਸਨੇ ਆਪਣੀ ਉਮਰ ਦਾ ਬਹੁਤ ਵੱਡਾ ਹਿੱਸਾ ਲਗਾਇਆ। ਕਈ ਵਾਰ ਤਾਂ ਇੱਕ ਪੌਦੇ ਨੂੰ ਵੱਡਾ ਛਾਂ ਡਰ ਦਰਖਤ ਬਣਾਉਣ ਤੱਕ ਦਾ ਸਫ਼ਰ ਵੀ ਕਿਹਾ ਜਾ ਸਕਦਾ ਹੈ। ਰਿਟਾਇਰਮੈਂਟ ਤੋਂ ਬਾਅਦ ਘਰ ਪਰਿਵਾਰ ਨਾਲ ਉਹ ਸਾਰੇ ਸੁੱਖ ਆਰਾਮ ਲੈਣ ਦਾ ਸੁਪਨਾ ਵੀ ਹੁੰਦਾ ਹੈ ਜਿਹੜੇ ਡਿਊਟੀ ਦੀ ਜ਼ਿੰਮੇਵਾਰੀ ਕਾਰਨ ਸੰਭਵ ਨਹੀਂ ਸਨ। ਇਸ ਤਰਾਂਦਫਤਰ ਨੂੰ ਛੱਡਣ ਦਾ ਦੁੱਖ ਵੀ ਅਤੇ ਆਉਂਦੀ ਜ਼ਿੰਦਗੀ ਦੇ ਸੁਪਨੇ ਵੀ। ਮਨ ਦੇ ਨਾਲ ਨਾਲ ਦਿਲ ਦਿਮਾਗ ਵੀ ਬੜਾ ਰਲੇ ਮਿਲੇ ਜਜ਼ਬਾਤਾਂ ਨਾਲ ਭਰੀ ਹੁੰਦਾ ਹੈ। ਅੱਜ ਬੀਡੀਪੀਓ ਦਫਤਰ ਦੇ ਹਰਵਿੰਦਰ ਸਿੰਘ ਕਾਲਾ ਨਾਲ ਵੀ ਕੁਝ ਅਜਿਹੇ ਹੀ ਅਨੁਭਵ ਮਹਿਸੂਸ ਹੋ ਰਹੇ ਸਨ। ਹਰਵਿੰਦਰ ਸਿੰਘ (ਕਾਲਾ) ਨੂੰ ਅੱਜ ਰਿਟਾਇਰਮੈਂਟ ਮੌਕੇ ਦਫ਼ਤਰ ਬੀ.ਡੀ.ਪੀ.ਓ. ਲੁਧਿਆਣਾ ਵਿਖੇ ਸੇਵਾ ਮੁਕਤ ਹੋਣ 'ਤੇ ਦਿੱਤੀ ਵਿਦਾਇਗੀ ਪਾਰਟੀ ਦਿੱਤੀ ਗਈ। ਉਸਦੀਆਂ ਸੇਵਾਵਾਂ ਨੂੰ ਯਾਦ ਕੀਤਾ ਗਿਆ। 

ਜ਼ਿਕਰਯੋਗ ਹੈ ਕਿ ਲੁਧਿਆਣਾ ਆਲ ਇੰਡੀਆ ਸਰਕਾਰੀ ਡਰਾਈਵਰ ਕੰਫਡਰੇਸ਼ਨ ਦੇ ਚੇਅਰਮੈਨ ਸ.ਹਰਵਿੰਦਰ ਸਿੰਘ (ਕਾਲਾ) ਬਤੌਰ ਡਰਾਈਵਰ ਦਫ਼ਤਰ ਬੀ.ਡੀ.ਪੀ.ਓ. ਲੁਧਿਆਣਾ ਤੋਂ ਸੇਵਾ ਮੁਕਤ ਹੋਏ।

ਦਫ਼ਤਰ ਦੇ ਸਟਾਫ ਵੱਲ਼ੋ ਉਨ੍ਹਾਂ ਦੀਆਂ ਸੇਵਾਂਵਾਂ ਪੂਰੀਆਂ ਹੋਣ ਉਪਰੰਤ ਨਿੱਘੀ ਵਿਦਾਇਗੀ ਪਾਰਟੀ ਦਿੱਤੀ। ਵਿਧਾਇਕ ਸ੍ਰੀ ਰਾਕੇਸ਼ ਪਾਂਡੇ, ਚੇਅਰਮੈਨ ਬਲਾਕ ਸੰਮਤੀ ਲੁਧਿਆਣਾ-2 ਸ.ਬਲਬੀਰ ਸਿੰਘ ਬੁੱਢੇਵਾਲ ਅਤੇ ਬੀ.ਡੀ.ਪੀ.ਓ. ਸ.ਪਿਆਰਾ ਸਿੰਘ ਵੱਲੋਂ ਸ੍ਰੀ ਕਾਲਾ ਨੂੰ ਸਨਮਾਨਤ ਕੀਤਾ ਗਿਆ। ਇਸ ਮੌਕੇ ਸਮੂਹ ਦਫ਼ਤਰੀ ਸਟਾਫ ਤੋਂ ਇਲਾਵਾ ਉਨ੍ਹਾਂ ਦੇ ਡਰਾਈਵਰ ਸਾਥੀ ਵੀ ਮੌਜੂਦ ਸਨ।

Wednesday, 21 October 2020

PAU ਵਿੱਚ ਲੱਗੇ IAS ਰਜਿਸਟਰਾਰ -ਤਿੰਨੋਂ ਯੂਨੀਅਨਾਂ ਨੇ ਕੀਤੀ ਮੰਗ

21st October 2020 at 4:06 PM

 ਥਾਪਰ ਹਾਲ ਸਾਹਮਣੇ ਕੀਤਾ ਮੁਲਾਜ਼ਮਾਂ ਨੇ ਜ਼ੋਰਦਾਰ ਭਰਵਾਂ ਮੁਜ਼ਾਹਰਾ 


ਲੁਧਿਆਣਾ: 21 ਅਕਤੂਬਰ 2020:(ਐਮ ਐਸ ਭਾਟੀਆ//ਮੁਲਾਜ਼ਮ ਸਕਰੀਨ)::
ਪੀ.ਏ.ਯੂ ਦੀਆਂ ਤਿੰਨੋਂ ਜੱਥੇਬੰਦੀਆਂ ਵੱਲੋਂ ਮੁਲਾਜ਼ਮਾਂ ਦੀਆਂ ਹੱਕੀ ਮੰਗਾਂ ਲਈ ਕੀਤਾ ਜਾ ਰਿਹਾ ਸੰਘਰਸ਼ ਅੱਜ ਨੌਵੇਂ ਦਿਨ ਸ਼ਾਮਲ ਹੋ ਗਿਆ।ਪੀ.ਏ.ਯੂ ਇੰਮਲਾਈਜ਼ ਯੂਨੀਅਨ ਦੇ ਪ੍ਰਧਾਨ ਸ੍ਰ.ਬਲਦੇਵ ਸਿੰਘ ਵਾਲੀਆ,ਪੀ.ਏ.ਯੂ ਟਚਿਰਜ਼ ਐਸੋਸੀਸ਼ੇਨ ਦੇ ਪ੍ਰਧਾਨ ਡਾ. ਹਰਮੀਤ ਸਿੰਘ ਕਿੰਗਰਾ ਤੇ ਕਲਾਸ ਫੋਰ ਦੇ ਪ੍ਰਧਾਨ  ਕਮਲ ਸਿੰਘ ਵੱਲੋਂ ਰੋਸ ਮਾਰਚ ਉਪਰੰਤ ਥਾਪਰ ਹਾਲ ਵਿੱਖੇ ਰੋਸ ਮੁਜ਼ਾਹਰਾਂ  ਕਰਕੇ ਇਹ  ਮੰਗ ਕੀਤੀ ਕਿ ਪੀ.ਏ.ਯੂ ਵਿੱਚ ਪਹੇਲਾਂ ਦੀ ਤਰ੍ਹਾਂ ਆਈ ਏ ਐਸ ਰਜਿਸਟਰਾਰ ਲਗਾਇਆ ਜਾਵੇ ਤੇ ਮੋਜੂਦਾ ਰਜਿਸਟਰਾਰ ਡਾ.ਸਿੱਧੁ ਨੂੰ ਹਟਾਇਆ ਜਾਵੇ। ਸ੍ਰ. ਬਲਦੇਵ ਸਿੰਘ ਵਾਲੀਆ ਨੇ ਕਿਹਾ ਕਿ ਤਾਂ ਜੋ ਪੰਜਾਬ ਸਰਕਾਰ ਦੀਆਂ ਹਦਾਇਤਾਂ ਦੀ ਯੂਨੀਵਰਸਿਟੀ ਵਿੱਚ ਇੰਨ-ਬਿੰਨ ਪਾਲ੍ਹਣਾ ਹੋ ਸਕੇ। ਪੀ.ਏ.ਯੂ ਇੰਮਲਾਈਜ਼ ਯੂਨੀਅਨ ਦੇ ਪ੍ਰਧਾਨ ਸ੍ਰ.ਬਲਦੇਵ ਸਿੰਘ ਵਾਲੀਆ ਨੇ ਕਿਹਾ ਕਿ ਮੁਲਾਜ਼ਮਾਂ ਦੀਆਂ ਹੱਕੀ ਮੰਗਾਂ ਦਾ ਜਲਦੀ ਹੱਲ ਕੀਤਾ ਜਾਵੇ ਨਹੀਂ ਤਾ ਸੰਘਰਸ਼ ਹੋਰ ਤਿੱਖਾ ਕੀਤਾ ਜਾਵੇਗਾ ਜਿਸ ਦੀ ਜਿੰਮੇਵਾਰੀ ਪੀ.ਏ.ਯੂ ਅਥਾਰਟੀ ਦੀ ਹੋਵੇਗੀ। 
*  9 ਜੁਲਾਈ 2012 ਤੱਕ ਭਰਤੀ ਹੋਏ ਮੁਲਾਜ਼ਮਾਂ ਤੇ ਪੁਰਾਣੀ ਪੈਨਸ਼ਨ ਸਕੀਮ ਦੀ ਬਹਾਲੀ
* ਏ.ਐਸ.ਆਈ ਦੀ ਏ.ਐਫ.ਓ ਦੀ ਪ੍ਰਮੋਸ਼ਨ ਲਈ ਪੋਸਟਾਂ ਵਧਾਉਣੀਆਂ ਤੇ ਕੁਆਲੀਫਕੇਸ਼ਨ ਤੇ ਤਜ਼ਰਬਾ ਘੱਟ ਕਰਵਾਉਣਾ
* ਲਾਇਬਰੇਰੀ ਅਟੈਂਡਟ ਤੇ ਮੈਟ ਅਟੈਂਡਟ ਦਾ ਲੈਬ ਅਟੈਂਡਟ ਦੇ ਅਧਾਰ ਤੇ ਗਰੇਡ ਪੇ.2400/- ਕਰਵਾਉਣੀ
* ਕੋਰਟ ਕੇਸ ਜਿੱਤੇ ਲੈਬ ਅਟੈਂਡਟ ਦੇ ਕੇਸ ਨੂੰ ਯੂਨੀਵਰਸਿਟੀ ਵਿੱਚ ਲਾਗੂ ਕਰਵਾਉਣਾ    
* ਟੈਕਨੀਸ਼ੀਅਲ ਸਟਾਫ ਦੀ ਤੱਰਕੀ ਲਈ ਤਜਰਬਾ ਘਟਾਉਣਾ।
* ਦਫਤਰ ਦੀ ਮੰਗ ਪੂਰੀ ਕਰਵਾਉਣੀ 

Monday, 19 October 2020

20 ਅਕਤੂਬਰ 2020 ਨੂੰ ਮੁਲਾਜ਼ਮ ਵਿਰੋਧੀ ਚਿੱਠੀਆਂ ਸਾੜੀਆਂ ਜਾਣਗੀਆਂ

19th October 2020 at  2:11 PM

 ਪੀਏਯੂ ਮੁਲਾਜ਼ਮਾਂ ਵੱਲੋਂ ਅੰਦੋਲਨ ਜਾਰੀ 


ਲੁਧਿਆਣਾ:
19 ਅਕਤੂਬਰ 2020: (ਐਮ ਐਸ ਭਾਟੀਆ//ਮੁਲਾਜ਼ਮ ਸਕਰੀਨ)::
ਪੀ.ਏ.ਯੂ. ਇੰਪਲਾਈਜ਼ ਯੂਨੀਅਨ, ਪੀ.ਏ.ਯੂ. ਟੀਚਰਜ਼ ਐਸੋਸੀਏਸ਼ਨ ਅਤੇ ਪੀ.ਏ.ਯੂ. ਫੌਰਥ ਕਲਾਸ ਵਰਕਰਜ਼ ਯੂਨੀਅਨ ਵੱਲੋਂ ਅੱਜ ਪੰਜਾਬ ਐਗਰੀਕਲਚਰਲ ਯੂਨਵਿਰਸਿਟੀ ਵਿਰੁੱਧ ਅੱਜ ਰੋਸ ਮਾਰਚ ਸਵੇਰੇ ਸ਼ੁਰੂ ਕੀਤਾ  ਜੋ ਕਿ ਐਡਮਨਿਸਟ੍ਰੇਟਿਵ ਬਲਾਕ ਦੇ ਸਾਹਮਣੇ ਖ਼ਤਮ ਹੋਇਆ। ਇਸ ਰੋਸ ਮਾਰਚ ਵਿੱਚ ਮੁਲਾਜ਼ਮਾਂ ਨੇ ਆਪਣੀਆਂ ਮੰਗਾਂ ਦੇ ਹੱਕ ਵਿੱਚ ਨਾਅਰੇਬਾਜੀ ਕੀਤੀ ਬਾਅਦ ਵਿੱਚ ਵੱਡੀ ਗਿਣਤੀ ਵਿੱਚ ਇਨ੍ਹਾਂ ਜੱਥੇਬੰਦੀਆਂ ਦੇ ਮੁਲਾਜ਼ਮ ਅਤੇ ਅਧਿਆਪਕ ਐਡਮਨਿਸਟ੍ਰੇਟਿਵ ਬਲਾਕ ਦੇ ਸਾਮਨੇ ਧਰਨੇ ਤੇ ਬੈਠ ਗਏ ।ਪੀ.ਏ.ਯੂ ਮੁਲਾਜ਼ਮਾਂ ਦੇ ਰੋਸ ਦੇਖ ਕੇ ਜਾਪਦਾ ਹੈ ਕਿ ਤਿੰਨੋਂ ਜੱਥੇਬੰਦੀਆਂ ਇਸ ਵਾਰ ਅੱਥਾਰਟੀ ਨਾਲ ਆਰ-ਪਾਰ ਦੀ ਲੜਾਈ ਦਾ ਮਨ ਬਣਾਇਆ ਹੈ।
ਯੂਨੀਅਨ ਦੇ ਪ੍ਰਧਾਨ ਬਲਦੇਵ ਸਿੰਘ ਵਾਲੀਆ ਨੇ ਪੀ.ਏ.ਯੂ. ਨੇ ਕਿਹਾ ਕਿ ਜੇ ਅੱਜ ਸ਼ਾਮ ਤੱਕ ਮੁਲਾਜ਼ਮ ਵਿਰੋਧੀ ਚਿੱਠ੍ਹੀਆਂ ਵਾਪਸ ਨਾ ਲਿਤੀਆ ਗਇਆਂ ਤਾਂ ਮਿਤੀ  20 ਅਕਤੂਬਰ 2020 ਨੂੰ ਇਹ ਮੁਲਾਜ਼ਮ ਵਿਰੋਧੀ ਚਿੱਠੀਆਂ ਸਾੜੀਆਂ ਜਾਣਗੀਆਂ। ਇਹਨਾਂ ਮੰਗਾਂ ਬਾਰੇ ਗੱਲ ਕਰਦਿਆਂ ਉਹਨਾਂ ਦੱਸਿਆ ਕਿ 9 ਜੁਲਾਈ 2020 ਤੱਕ ਭਰਤੀ ਹੋਏ ਮੁਲਾਜ਼ਮਾਂ ਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਅਧਾਰ ਤੇ ਪੁਰਾਣੀ ਪੈਨਸ਼ਨ ਸਕੀਮ ਲਾਗੂ ਕੀਤੀ ਜਾਵੇ।ਏ.ਐਸ.ਆਈ ਦੀ ਏ.ਐਫ.ਓ ਦੀ ਪ੍ਰਮੋਸ਼ਨ ਲਈ ਪੋਸਟਾਂ ਵਿਚ ਵਾਧਾ ਕੀਤਾ ਜਾਵੇ ਅਤੇ ਕੁਆਲੀਫਕੇਸ਼ਨ ਤੇ ਤਜ਼ਰਬਾ ਘੱਟ ਕੀਤਾ ਜਾਵੇ। ਲਾਇਬਰੇਰੀ ਅਟੈਂਡਟ ਤੇ ਮੈਟਰੋਲੋਜੀਕਲ ਅਟੈਂਡਟ ਦੀ ਗਰੇਡ ਪੇ ਲੈਬ ਅਟੈਂਡਟ ਦੇ ਅਧਾਰ ਤੇ 2400 ਕੀਤੀ ਜਾਵੇ। ਟੈਕਨੀਕਲ ਸਟਾਫ ਦੀ ਤੱਰਕੀ ਲਈ ਤਜਰਬੇ ਦਾ ਸਮਾਂ ਘਟਾਇਆ ਜਾਵੇ।15 ਜਨਵਰੀ 2015 ਤੋਂ ਬਾਅਦ ਭਰਤੀ ਹੋਏ ਕਲਰਕਾਂ ਅਤੇ ਸਟੈਨੋ-ਟਾਇਪਿਸਟਾ ਨੁੰ ਵਿੱਤ ਵਿਭਾਗ ਦੇ ਫੈਸਲੇ ਅਨੁਸਾਰ ਪਰਖ ਸਮੇਂ ਦੋਰਾਨ ਡੀਸੀ ਵੱਲੋਂ ਜਾਰੀ ਕੀਤੇ ਬੀ ਗਰੇਡ ਦੇ ਰੇਟਾ ਅਨੁਸਾਰ ਤਨਖਾਹ ਦਿਤੀ ਜਾਵੇ। ਏ ਏ ਔ ਤੋ ਏ ਔ ਦੀ ਤਰੱਕੀ ਦਾ ਸਮਾਂ ਪਹਿਲਾਂ ਦੀ ਤਰਾਂ 2 ਸਾਲ ਤੋ ਘਟਾ ਕੇ 1 ਸਾਲ ਕੀਤਾ ਜਾਵੇ।ਜੇ.ਈ ਅਤੇ ਐਸ.ਡੀ.ਓ ਦੀਆਂ ਤਰੱਕੀ ਦੀਆਂ ਪੋਸਟਾਂ ਤੁੰਰਤ ਭਰੀਆਂ ਜਾਣ। ਸਟੋਰ ਕੀਪਰਾ ਦੀਆਂ ਖਾਲੀ ਪਈਆਂ ਪੋਸਟਾ ਭਰੀਆ ਜਾਣ । ਸਟੋਰ ਕੀਪਰਾਂ ਦੇ ਪਹਿਲੀ ਦਸੰਬਰ 2011 ਤੋ 30 ਨਵੰਬਰ 2016 ਤੱਕ ਦੇ ਕੰਨਵੇਸ ਅਲਾਊਸ ਦਾ ਬਕਾਇਆ ਦਿੱਤਾ ਜਾਵੇ।ਕਾਰ/ਜੀਪ ਡਰਾਇਵਰਾਂ ਦੀਆਂ ਸੁਪਰਵਾਇਜ਼ਰ ਪੋਸਟਾ ਵਿਚ ਹੋਰ ਵਾਧਾ ਕੀਤਾ ਜਾਵੇ। ਜੂਨੀਅਰ/ਸੀਨੀਅਰ ਅਨਾਮਲੀ ਦੇ ਪੈਡਿੰਗ ਪਏ ਕੇਸਾਂ ਦਾ ਫੈਸਲਾ ਕੀਤਾ ਜਾਵੇ। ਡੀ.ਪੀ.ਐਲ/ਕੰਟਰੈਕਟ ਤੇ ਕੰਮ ਕਰਦੇ ਹੋਏ ਮੁਲਾਜ਼ਮਾਂ  ਨੂੰ ਪੱਕਾ ਕੀਤਾ ਜਾਵੇ। ਪ੍ਰਧਾਨ ਵਾਲੀਆ ਨੇ ਅੱਗੇ ਕਿਹਾ ਕਿ ਜੇਕਰ ਇਨ੍ਹਾਂ ਮੰਗਾਂ ਨੂੰ ਜਲਦੀ ਪ੍ਰਵਾਨ ਨਾ ਕੀਤਾ ਗਿਆ ਤਾਂ ਇਹ ਸੰਘਰਸ਼ ਜਾਰੀ ਰਹੇਗਾ।
ਡਾ. ਐਚ.ਐੱਸ. ਕਿੰਗਰਾ ਪੀ.ਏ.ਯੂ. ਅਧਿਆਪਕ ਜੱਥੇਬੰਦੀ ਦੇ ਪ੍ਰਧਾਨ ਨੇ ਵੀ ਮੁਲਾਜ਼ਮਾਂ ਅਤੇ ਅਧਿਆਪਕਾਂ ਦਾ ਮੌਜੂਦਾ ਸੰਘਰਸ਼ ਜਾਰੀ ਰੱਖਣ ਦੀ ਗੱਲ ਸਾਂਝੀ ਕੀਤੀ। ਉਹਨਾਂ ਅੱਗੇ ਕਿਹਾ ਕਿ ਅਧਿਆਪਕਾਂ ਦੀਆਂ ਤਰੱਕੀਆਂ ਸਮੇਂ ਸਿਰ ਨਹੀਂ ਕਿਤੀਆਂ ਜਾ ਰਹਿਆ ਜਦਕਿ ਸੇਵਾ ਮੁਕਤ ਮੁਲਾਜ਼ਮਾਂ ਅਤੇ ਅਧਿਆਪਕਾਂ ਨੂੰ ਮੁੜ ਨੌਕਰੀ ਤੇ ਰੱਖਿਆ ਗਿਆ ਹੈ ਜਿਸ ਕਰਕੇ ਮੁਲਾਜ਼ਮਾਂ ਅਤੇ ਅਧਿਆਪਕਾਂ ਵਿੱਚ ਉਪਕੁਲਪਤੀ ਅਤੇ ਯੂਨੀਵਰਸਿਟੀ ਦੇ ਅਧਿਕਾਰੀਆਂ ਪ੍ਰਤੀ ਡੂੰਘਾ ਰੋਸ ਹੈ।
ਇਸ ਧਰਨੇ ਸ੍ਰ.ਮਨਮੋਹਨ ਸਿੰਘ, ਗੁਰਪ੍ਰੀਤ ਸਿੰਘ , ਨਵਨੀਤ ਸ਼ਰਮਾ, ਗੁਰਇਕਬਾਲ ਸਿੰਘ ਸੋਹੀ, ਧਰਮਿੰਦਰ ਸਿੰਘ ਸਿੱਧੂ, ਦਲਜੀਤ ਸਿੰਘ, ਸੁਖਦੇਵ ਸ਼ਰਮਾ, ਲਾਲ ਬਹਾਦਰ ਯਾਦਵ, ਮੋਹਨ ਲਾਲ, ਕੇਸ਼ਵ ਰਾਏ ਸੈਣੀ, ਰਾਜ ਸਿੰਘ ਢਿੱਲੋਂ, ਦਰਸ਼ਨ ਸਿੰਘ, ਬਲਜਿੰਦਰ ਸਿੰਘ, ਬਲਜਿੰਦਰ ਸਿੰਘ ਟਰੈਕਟਰ ਡਰਾਈਵਰ, ਹਰਮਿੰਦਰ ਸਿੰਘ,  ਸੁਰਜੀਤ ਸਿੰਘ, ਤੇਜਿੰਦਰ ਸਿੰਘ, ਸੁਰਿੰਦਰ ਸਿੰਘ ਪ੍ਰਿੰਸ ਗਰਗ ਆਦਿ ਸ਼ਾਮਲ ਹੋਏ।
ਇਸ ਸਬੰਧੀ ਹੋਰ ਜਾਣਕਾਰੀ ਅੰਦੋਲਨ ਅਤੇ ਸੰਗਠਨ ਦੇ ਮੁਖੀ ਬਲਦੇਵ ਸਿੰਘ ਵਾਲੀਆ ਨਾਲ ਮੋਬਾਈਲ ਨੰਬਰ 9417300134 ਤੇ ਸੰਪਰਕ ਕਰ ਕੇ ਲਈ ਜਾ ਸਕਦੀ ਹੈ। 




Monday, 1 June 2020

ਕੋਰੋਨਾ ਤੋਂ ਜ਼ਿਆਦਾ ਖਤਰਨਾਕ ਬਿਜਲੀ ਬਿਲ-2020 ਅਤੇ ਇਸਨੂੰ ਰਚਣ ਵਾਲੇ

ਦੇਸ਼ ਭਰ ਵਿੱਚ ਥਾਂ ਥਾਂ ਹੋਏ ਕਾਲੇ ਬਿੱਲਿਆਂ ਨਾਲ ਰੋਹ ਭਰੇ ਰੋਸ ਮੁਜ਼ਾਹਰੇ
ਲੁਧਿਆਣਾ: 1 ਜੂਨ 2020: (ਐਮ ਐਸ ਭਾਟੀਆ//ਪੰਜਾਬ ਸਕਰੀਨ)::
ਸੱਤਾ ਵਿੱਚ ਬੈਠਦੀਆਂ ਆ ਰਹੀਆਂ ਸਰਕਾਰਾਂ ਸਮੇਂ ਸਮੇਂ ਤੇ ਜਾਨਾਂ ਹੂਲ ਕੇ ਘਾਲੀ ਘਾਲਣਾ ਦੇ ਸਿੱਟੇ ਵੱਜੋਂ ਬਣੇ ਨਵੇਂ ਵਿਕਸਿਤ ਭਾਰਤ ਨੂੰ ਅੰਬਾਨੀਆਂ, ਅਡਾਨੀਆਂ ਦੇ ਹਵਾਲੇ ਕਰਨ ਲਈ ਤਰਲੋਮੱਛੀ ਹੁੰਦੀਆਂ ਆਈਆਂ ਹਨ।  ਭਾਵੇਂ ਇਥੋਂ ਦਾ ਬਿਜਲੀ ਨੈਟਵਰਕ ਸੀ ਭਾਵੇਂ ਟੈਲੀਫੋਨਾਂ ਵਾਲਾ ਜਾਲ-ਹਰ ਮਹਿਕਮੇ ਨਾਲ ਪੂੰਜੀਵਾਦ ਸਮਰਥਕ ਸਰਕਾਰਾਂ ਦਾ ਇਹੀ ਵਤੀਰਾ ਰਿਹਾ। ਜਨਸੰਘੀ ਸੋਚ ਵਾਲੀ ਭਾਜਪਾ ਸਰਕਾਰਾਂ ਦੇ ਸੱਤਾ ਵਿੱਚ ਆਉਣ ਤੇ ਇਹ ਅਮਲ ਹਨੇਰੀ ਵਾਂਗ ਤੇਜ਼ ਕਰ ਦਿੱਤਾ ਜਾਂਦਾ ਸੀ। ਇਹਨਾਂ ਮਿਹਰਬਾਨੀਆਂ ਕਰਕੇ ਹੀ ਅਮੀਰ ਘਰਾਣਿਆਂ ਵੱਲੋਂ ਭਾਜਪਾ ਨੂੰ ਮੋਟਾ ਫ਼ੰਡ ਅਤੇ ਚੋਣ ਪ੍ਰਚਾਰ ਦੀਆਂ ਹਵਾਈ ਜਹਾਜ਼ਾਂ ਵਰਗੀਆਂ ਸਹੂਲਤਾਂ ਮਿਲਦੀਆਂ ਆਈਆਂ।  ਜਦੋਂ ਅਟਲ ਬਿਹਾਰੀ ਵਾਜਪਾਈ ਦੀ ਸਰਕਾਰ ਸੀ ਉਦੋਂ ਬਿਜਲੀ ਬਿਲ 2003 ਪਾਸ ਕਰ ਦਿੱਤਾ ਗਿਆ। ਹੁਣ ਜਦੋਂ ਨਰਿੰਦਰ ਮੋਦੀ ਦੁ ਅਗਵਾਈ ਹੇਠਲੀ ਸਰਕਾਰ ਹੈ ਤਾਂ ਹੁਣ ਬਿਜਲੀ ਬਿਲ-2020 ਪਾਸ ਕਰਨ ਦੀਆਂ ਤਿਆਰੀਆਂ ਹਨ। ਖੱਬੇਪੱਖੀ ਸੋਚ ਵਾਲਿਆਂ ਟਰੇਡ ਯੂਨੀਅਨਾਂ ਨੇ ਵਾਜਪਾਈ ਵੇਲੇ ਵੀ ਅਜਿਹੀਆਂ ਕੋਸ਼ਿਸ਼ਾਂ ਦਾ ਤਿੱਖਾ ਵਿਰੋਧ ਕੀਤਾ ਸੀ ਅਤੇ ਹੁਣ ਮੋਦੀ ਸਰਕਾਰ ਵੇਲੇ ਵੀ ਇਹਨਾਂ ਸਾਜ਼ਿਸ਼ਾਂ ਦੇ ਖਿਲਾਫ ਪੂਰੀ ਲਾਮਬੰਦੀ ਕਰ ਲਈ ਗਈ ਹੈ। ਹੁਣ ਜਦੋਂ ਕਿ ਭਾਜਪਾ ਸਮਰਥਕ ਸਵਦੇਸ਼ੀ ਜਾਗਰਣ ਮੰਚ ਵਰਗੇ ਸੰਗਠਨ ਬੜੇ ਹੀ ਮਚਲੇ ਜਿਹੇ ਹੋ ਕੇ ਇਸ ਬਿੱਲ ਦੇ ਮੁੱਦੇ ਤੇ ਚੁੱਪਚਾਪ ਬੈਠੇ ਹਨ ਉਦੋਂ ਇੱਕ ਵਾਰ ਫੇਰ ਖੱਬੀਆਂ ਧਿਰਾਂ ਹੀ ਮੈਦਾਨ ਵਿੱਚ ਨਿੱਤਰੀਆਂ ਹਨ। ਨਿਜੀਕਰਨ ਐਡ ਖਿਲਾਫ ਆਰਪਾਰ ਦੀ ਲੜਾਈ ਤੇਜ਼ ਹੋ ਚੁੱਕੀ ਹੈ। 
ਇਸ ਬਿਜਲੀ ਬਿਲ ਦੇ ਖਿਲਾਫ ਅੱਜ ਸਾਰੇ ਦੇਸ਼ ਭਰ ਵਿੱਚ ਰੋਸ ਵਖਾਵੇ ਕੀਤੇ ਗਏ। ਕਿਸੇ ਥਾਂ ਕਾਲੇ ਬੱਲੇ ਲਾਏ ਗਏ, ਕਿਸੇ ਥਾਂ ਰੋਸ ਧਰਨੇ ਦਿੱਤੇ ਗਏ ਅਤੇ ਕਿਸੇ ਥਾਂ ਜੋਸ਼ੀਲੀ ਨਾਅਰੇਬਾਜ਼ੀ ਹੋਈ। ਗੱਲ ਕਿ ਹਰ ਥਾਂ ਇਸਦਾ ਵਿਰੋਧ ਹੋਇਆ। ਇਸ ਬਿਜਲੀ ਬਿੱਲ ਦੇ ਵਿਰੋਧ ਲਈ ਉਂਝ ਤਾਂ ਸਾਰੀਆਂ ਜਨਤਕ ਧਿਰਾਂ ਨੂੰ ਅੱਗੇ ਆਉਣਾ ਚਾਹੀਦਾ ਸੀ ਕਿਓਂਕਿ ਜੇ ਇਹ ਬਿੱਲ ਪਾਸ ਹੋ ਗਿਆ ਤਾਂ ਬਿਜਲੀ ਸਿਰਫ ਅਮੀਰਾਂ ਦੇ ਘਰਾਂ ਲਈ ਰਾਖਵੀਂ ਹੋ ਜਾਏਗੀ। ਭਾਰਤ ਦਾ ਗਰੀਬ ਅਤੇ ਮੱਧ ਵਰਗੀ ਹਿੱਸਾ ਇਸ ਤੋਂ ਵਾਂਝਿਆਂ ਹੋ ਜਾਏਗਾ। ਵਿਕਾਸ ਨੂੰ ਇੱਕ ਵਾਰ ਫੇਰ ਪੁੱਠਾ ਗੇੜਾ ਦੇਂਦਿਆਂ ਜ਼ਮਾਨਾ ਲਾਲਟੈਣਾਂ, ਮੋਮਬੱਤੀਆਂ ਅਤੇ ਦੀਵਿਆਂ ਦਾ ਆ ਜਾਏਗਾ। 
ਇਸ ਬਿੱਲ ਦੇਖਿਲਾਫ਼ ਅੱਜ ਪੀ ਐਸ ਈ ਬੀ ਇੰਪਲਾਈਜ਼ ਫੈਡਰੇਸ਼ਨ (ਏਟਕ) ਦੇ ਸਰਗਰਮ ਮੈਂਬਰਾਂ ਨੇ ਕਾਲੇ ਬਿੱਲੇ ਲਗਾ ਕੇ ਇਸ ਬਿੱਲ ਦਾ ਵਿਰੋਧ ਕੀਤਾ। ਪੀ ਅਤੇ  ਐਮ ਸਿਟੀ ਡਵੀਯਨ ਲੁਧਿਆਣਾ ਦੇ ਸਾਥੀਆਂ ਨੇ ਗੇਟ ਰੈਲੀ ਵੀ ਕੀਤੀ। ਸੀਨੀਅਰ ਆਗੂ ਕੇਵਲ ਸਿੰਘ ਬਨਵੈਤ ਨੇ ਇਸ ਬਿੱਲ ਨੂੰ ਰੱਦ ਕਰਨ ਦੀ ਮੰਗ ਕਰਦਿਆਂ ਇਸ ਨਾਲ ਪੈਣ ਵਾਲੇ ਮਾੜੇ ਪ੍ਰਭਾਵਾਂ ਦਾ ਕੱਚ ਚਿੱਠਾ ਖੋਹਲਿਆ। ਕਾਮਰੇਡ ਜਸਬੀਰ ਸਿੰਘ, ਰਛਪਾਲ ਸਿੰਘ, ਅਸ਼ੋਕ ਕੁਮਾਰ ਅਤੇ ਹੋਰਾਂ ਨੇ ਵੀ ਸਮਝਾਇਆ ਕਿ ਕਿਸ ਤਰਾਂ ਇਹ ਬਿਲ ਦੇਸ਼ ਦੇ ਵੱਡੇ ਹਿੱਸੇ ਵਿੱਚ ਹਨੇਰਾ ਲਿਆਉਣ ਵਾਲਾ ਹੈ। ਹਰਦੀਪ ਸਿੰਘ, ਪ੍ਰਿੰਸ ਕੁਮਾਰ, ਪਾਰਸ ਨਾਥ, ਲਖਵੀਰ ਸਿੰਘ, ਬਲਜਿੰਦਰ ਸਿੰਘ, ਰਕੇਸ਼ ਸਿੰਘ, ਕੁਲਬੀਰ ਸਿੰਘ ਅਤੇ ਹੋਰਾਂ ਨੇ ਵੀ ਇਸ ਬਿੱਲ ਦੀਆਂ ਲੋਕ ਵਿਰੋਧੀਆਂ ਊਣਤਾਈਆਂ ਦਾ ਵਿਸਥਾਰ ਨਾਲ ਜ਼ਿਕਰ ਕੀਤਾ। 
ਕਾਮਰੇਡ ਐਸ ਪੀ ਸਿੰਘ ਅਤੇ ਕਾਮਰੇਡ ਚਮਕੌਰ ਸਿੰਘ ਨੇ ਦੱਸਿਆ ਕਿ ਇਸ ਬਿਲ ਨੇ ਸਾਡੇ ਘਰਾਂ ਵਿੱਚ ਬਚੀ ਰਹਿੰਦੀ ਖੂਹੰਦੀ ਰੌਸ਼ਨੀ ਵੀ ਲੁੱਟ ਲੈਣੀ ਹੈ। ਗਰੀਬ ਅਤੇ ਮੱਧ ਵਰਗੀ ਪਰਿਵਾਰਾਂ ਨੂੰ ਬਿਜਲੀ ਬਿਨਾ ਜਿਊਣਾ ਔਖਾ ਹੋ ਜਾਏਗਾ।  ਇਸਲਈ ਕੋਰੋਨਾ ਤੋਂ ਜ਼ਿਆਦਾ ਖਤਰਨਾਕ ਹਨ ਬਿਜਲੀ ਬਿਲ-2020 ਅਤੇ ਇਸ ਤਰਾਂ ਦੀਆਂ ਹੋਰ ਸਾਜ਼ਿਸ਼ਾਂ। ਬੁਲਾਰਿਆਂ ਨੇ ਹਰ ਥਾਂ ਆਮ ਲੋਕਾਂ ਨੂੰ ਇਸਦੇ ਵਿਰੋਧ ਵਿੱਚ ਖੁਲ ਕੇ ਡਟਣ ਦਾ ਸੱਦਾ ਦਿੱਤਾ। 

ਪੰਜਾਬ ਦੇ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਵੱਲੋਂ ਰੋਹ ਅਤੇ ਰੋਸ ਦਾ ਪ੍ਰਗਟਾਵਾ

Surinder Singh Bains WhatsApp on Sunday 1st March 2026 at 12:35 PM Regarding Rally  ਬਜਟ ਸੈਸ਼ਨ ਦੌਰਾਨ  11 ਮਾਰਚ ਨੂੰ ਮੋਹਾਲੀ ਵਿਖੇ ਰੋਸ ਰੈਲੀ ਦਾ ਐਲਾ...